ਪਾਕਿਸਤਾਨੋਂ ਪਰਤ ਰਹੇ ਪਾਈਲਟ ਅਭਿਨੰਦਨ ਦਾ ਸਵਾਗਤ ਕਰਨ ਨਹੀਂ ਜਾਣਗੇ ਕੈਪਟਨ

capt amarinder singh

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਛਾ ਜ਼ਾਹਰ ਕੀਤੀ ਸੀ ਕਿ ਉਹ ਪਾਕਿਸਤਾਨ ਵੱਲੋਂ ਰਿਹਾਅ ਕੀਤੇ ਜਾ ਰਹੇ ਭਾਰਤੀ ਹਵਾਈ ਫ਼ੌਜ ਦੇ ਵਿੰਗ ਕਮਾਂਡਰ ਨੂੰ ਲੈਣ ਲਈ ਅਟਾਰੀ-ਵਾਹਗਾ ਸਰਹੱਦ ‘ਤੇ ਜਾਣਗੇ, ਪਰ ਪ੍ਰੋਟੋਕਾਲ ਇਸ ਵਿੱਚ ਅੜਿੱਕਾ ਬਣ ਗਿਆ ਹੈ। ਹੁਣ ਕੈਪਟਨ ਅਮਰਿੰਦਰ ਸਿੰਘ ਅਭਿਨੰਦਨ ਵਰਤਮਾਨ ਨੂੰ ਲੈਣ ਲਈ ਬਾਰਡਰ ‘ਤੇ ਨਹੀਂ ਜਾਣਗੇ।

ਮੁੱਖ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ਮੁਤਾਬਕ ਕੈਪਟਨ ਨਿਯਮਾਂ ਦੀ ਉਲੰਘਣਾ ਕਾਰਨ ਅਭਿਨੰਦਨ ਨੂੰ ਲੈਣ ਨਹੀਂ ਜਾ ਰਹੇ। ਜਦੋਂ ਵੀ ਕੋਈ ਜੰਗੀ ਕੈਦੀ ਦੀ ਵਤਨ ਵਾਪਸੀ ਕੀਤੀ ਜਾਂਦੀ ਹੈ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਦੀ ਮੈਡੀਕਲ ਜਾਂਚ ਹੁੰਦੀ ਹੈ। ਫਿਰ ਸੰਖੇਪ ਗੱਲਬਾਤ ਹੁੰਦੀ ਹੈ, ਜਿਸ ਤੋਂ ਬਾਅਦ ਉਹ ਅੱਗੇ ਜਾ ਸਕਦੇ ਹਨ। ਜੇਕਰ ਕੈਪਟਨ ਜਾਂਦੇ ਹਨ ਤਾਂ ਇਹ ਨਿਯਮ ਟੁੱਟ ਜਾਣਗੇ। ਇਸ ਲਈ ਮੁੱਖ ਮੰਤਰੀ ਨੇ ਆਪਣਾ ਸਰਹੱਦੀ ਦੌਰਾ ਜਾਰੀ ਰੱਖਣ ਦਾ ਮਨ ਬਣਾ ਲਿਆ ਹੈ।

ਜ਼ਿਕਰਯੋਗ ਹੈ ਕਿ ਅਭਿਨੰਦਨ ਵਰਤਮਾਨ ਦੀ ਵਤਨ ਵਾਪਸੀ ਤੋਂ ਪਹਿਲਾਂ ਸੀਮਾ ਸੁਰੱਖਿਆ ਬਲ ਨੇ ਵਾਹਗਾ-ਅਟਾਰੀ ਸਰਹੱਦ ‘ਤੇ ਹੋਣ ਵਾਲੀ ਰੋਜ਼ਾਨਾ ਪਰੇਡ ਬੀਟਿੰਗ ਦ ਰੀਟ੍ਰੀਟ ਸੈਰੇਮਨੀ ਨੂੰ ਵੀ ਰੱਦ ਕਰ ਦਿੱਤਾ ਹੈ। ਅਭਿਨੰਦਨ ਬੀਤੀ 26 ਫਰਵਰੀ ਨੂੰ ਪਾਕਿਸਤਾਨੀ ਜਹਾਜ਼ਾਂ ਦਾ ਮੁਕਾਬਲਾ ਕਰਦੇ ਹੋਏ ਗੁਆਂਢੀ ਮੁਲਕ ਵਿੱਚ ਪੈਰਾਸ਼ੂਟ ਨਾਲ ਉੱਤਰ ਗਏ ਸਨ। ਉਨ੍ਹਾਂ ਨੂੰ ਪਾਕਿ ਫ਼ੌਜ ਨੇ ਗ੍ਰਿਫ਼ਤਾਰ ਕਰ ਲਿਆ ਸੀ ਤੇ ਬੀਤੇ ਕੱਲ੍ਹ ਇਮਰਾਨ ਖ਼ਾਨ ਸਰਕਾਰ ਨੇ ਉਸ ਨੂੰ ਵਾਪਸ ਭੇਜਣ ਦਾ ਐਲਾਨ ਕੀਤਾ ਸੀ। ਉਹ ਸ਼ਾਮ ਤਕ ਭਾਰਤ ਪਰਤ ਸਕਦੇ ਹਨ।

Source:AbpSanjha