ਗੁਰਦਾਰਪੁਰ ਰੈਲੀ ਮਗਰੋਂ ਕੈਪਟਨ ਨੂੰ ਆਇਆ ਮੋਦੀ ‘ਤੇ ਗੁੱਸਾ

pm modi capt amrinder singh

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਧੋਖੇਬਾਜ਼ਾਂ ਤੇ ਗ਼ਲਤ ਜਾਣਕਾਰੀ ਦੇ ਸਰਤਾਜ ਦੱਸਿਆ ਹੈ। ਕੈਪਟਨ ਨੇ ਇਹ ਸ਼ਬਦੀ ਹਮਲਾ ਮੋਦੀ ਦੀ ਗੁਰਦਾਸਪੁਰ ਰੈਲੀ ‘ਤੇ ਕੀਤਾ ਹੈ। ਉਨ੍ਹਾਂ ਪੀਐਮ ਨੂੰ ਚੈਲੇਂਜ ਕੀਤਾ ਕਿ ਮੋਦੀ ਦੱਸਣ ਕਿ ਪਿਛਲੇ ਪੰਜ ਸਾਲਾਂ ਵਿੱਚ ਉਨ੍ਹਾਂ ਦੀ ਸਰਕਾਰ ਨੇ ਕਿਹੜਾ ਵਾਅਦਾ ਨਿਭਾਇਆ ਹੈ।

ਉਨ੍ਹਾਂ ਮੋਦੀ ਨੂੰ ਜੁਮਲੇਬਾਜ਼ ਕਰਾਰ ਦਿੰਦਿਆਂ ਕਿਹਾ ਕਿ ਗੁਰਦਾਸਪੁਰ ਰੈਲੀ ਵਿੱਚ ਪੀਐਮ ਵੱਲੋਂ ਬੋਲਿਆ ਹਰ ਸ਼ਬਦ ਲੋਕਾਂ ਨੂੰ ਗੁੰਮਰਾਹ ਕਰਨ ਵਾਲਾ ਹੈ। ਉਨ੍ਹਾਂ ਕਿਹਾ ਕਿ ਮੋਦੀ ਨੇ 1984 ਸਿੱਖ ਕਤਲੇਆਮ ਤੇ ਕਰਤਾਰਪੁਰ ਸਾਹਿਬ ਲਾਂਘੇ ਤੋਂ ਲੈ ਕੇ ਕਿਸਾਨ ਕਰਜ਼ ਮੁਆਫ਼ੀ ਤਕ ਸਭ ਝੂਠ ਬੋਲਿਆ ਹੈ। ਉਨ੍ਹਾਂ ਕਿਹਾ ਹੈ ਕਿ ਪਿਛਲੇ ਪੰਜ ਸਾਲਾਂ ਵਿੱਚ ਮੋਦੀ ਸਰਕਾਰ ਦੀ ਹਰ ਕਮੀ ਲੁਕਾਉਣ ਲਈ ਪੀਐਮ ਕੁਝ ਵੀ ਬੋਲ ਦਿੰਦੇ ਹਨ।

ਮੁੱਖ ਮੰਤਰੀ ਕਿਹਾ ਕਿ 1984 ਸਿੱਖ ਕਤਲੇਆਮ ਵਿੱਚ ਬੀਜੇਪੀ/ਆਰਐਸਐਸ ਕਾਰਕੁਨਾਂ ਵਿਰੁੱਧ ਤਿਲਕ ਮਾਰਗ ਪੁਲਿਸ ਸਟੇਸ਼ਨ ਵਿੱਚ ਐਫਆਈਆਰ ਵੀ ਦਰਜ ਕੀਤੀ ਗਈ ਸੀ, ਜਿਸ ‘ਤੇ ਉਹ ਇੱਕ ਸ਼ਬਦ ਵੀ ਨਹੀਂ ਬੋਲ ਰਹੇ। ਬਲਕਿ ਗਾਂਧੀ ਪਰਿਵਾਰ ਨੂੰ ਬਿਨਾ ਵਜ੍ਹਾ ਇਸ ਮਾਮਲੇ ਵਿੱਚ ਘੜੀਸਿਆ ਜਾ ਰਿਹਾ ਹੈ।

ਉਨ੍ਹਾਂ ਮੋਦੀ ਨੂੰ ਸਵਾਲ ਕਰਦਿਆਂ ਕਿਹਾ ਹੈ ਕਿ ਪ੍ਰਧਾਨ ਮੰਤਰੀ ਗੁਜਰਾਤ ਦੰਗਿਆਂ ਦੇ ਮੁੱਦੇ ‘ਤੇ ਕਿਉਂ ਚੁੱਪ ਹਨ। ਕੈਪਟਨ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਲਾਂਘੇ ਲਈ ਕਾਂਗਰਸ ਲੰਮੇ ਸਮੇਂ ਤੋਂ ਯਤਨਸ਼ੀਲ ਸੀ ਪਰ ਹੁਣ ਮੋਦੀ ਇਸ ਦਾ ਸਾਰਾ ਸਿਹਰਾ ਆਪਣੇ ਸਿਰ ਬੰਨ੍ਹਣਾ ਚਾਹੁੰਦੇ ਹਨ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਲਈ ਮੋਦੀ ਨੇ ਇੱਕ ਵੀ ਪੈਸਾ ਨਹੀਂ ਦਿੱਤਾ।

Source:AbpSanjha