ਕੈਪਟਨ ਨੇ ਸੰਗਰੂਰ ਤੇ ਪਟਿਆਲਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਹਵਾਈ ਸਰਵੇਖਣ

captain amrinder singh

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਸੰਗਰੂਰ ਤੇ ਪਟਿਆਲਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕੀਤਾ। ਪਿਛਲੇ ਕੁਝ ਦਿਨਾਂ ਤੋਂ ਭਾਰੀ ਮੀਂਹ ਪੈਣ ਮਗਰੋਂ ਸੰਗਰੂਰ ਤੇ ਮੂਨਕ ਵਿੱਚ ਘੱਗਰ ਦਰਿਆ ਦੇ ਬੰਨ੍ਹ ਵਿੱਚ ਪਾੜ ਪੈ ਗਿਆ ਸੀ। ਇਸ ਕਰਕੇ ਪਟਿਆਲਾ ਤੇ ਸੰਗਰੂਰ ਜ਼ਿਲ੍ਹਿਆਂ ਵਿੱਚ ਹੜ੍ਹ ਵਰਗੇ ਹਾਲਾਤ ਬਣ ਗਏ ਹਨ।

ਕੈਪਟਨ ਨੇ ਜ਼ਿਲ੍ਹਾ ਸੰਗਰੂਰ ਦੀ ਤਹਿਸੀਲ ਦੇ ਪਿੰਡਾਂ ਤੇ ਪਟਿਆਲਾ ਦੀ ਪਾਤੜਾਂ ਤਹਿਸੀਲ ਦੇ ਬਾਦਸ਼ਾਹਪੁਰ ਵਿੱਚ ਝੋਨੇ ਦੀ ਫਸਲ ਦੇ ਨੁਕਸਾਨ ਦਾ ਅਨੁਮਾਨ ਲਾਉਣ ਲਈ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕੀਤਾ। ਉਨ੍ਹਾਂ ਨਾਲ ਮਾਲੀਆ ਤੇ ਪੁਨਰਵਾਸ ਤੇ ਜਲ ਸ੍ਰੋਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੀ ਟੀਮ ਵੀ ਮੌਜੂਦ ਸੀ। ਸੀਐਮ ਨੇ ਜ਼ਿਲ੍ਹਾ ਸੰਗਰੂਰ ਦੇ ਸਿਵਲ ਤੇ ਪੁਲਿਸ ਅਧਿਕਾਰੀਆਂ ਨਾਲ ਵਿਚਾਰ ਕਰਕੇ ਹੜ੍ਹ ਪੀੜਤਾਂ ਦੀ ਮਦਦ ਬਾਰੇ ਜਾਣਕਾਰੀ ਲਈ।

flood images

ਇਸੇ ਦੌਰਾਨ ਪਿੰਡ ਮਕੌਰੜ ਸਾਹਿਬ ਤੋਂ ਫੂਲਦ ਵੱਲ ਘੱਗਰ ਦਰਿਆ ਵਿੱਚ ਐਤਵਾਰ ਸਵੇਰੇ ਪਏ ਪਾੜ ਨੂੰ ਭਰਨ ਦੇ ਕੰਮ ਵਿੱਚ ਤੇਜ਼ੀ ਵੇਖੀ ਗਈ। ਸ਼ਾਮ ਤਕ ਘੱਗਰ ਵਿੱਚ ਪਾਣੀ ਦਾ ਪੱਧਰ ਘਟਣ ਤੇ ਪਾਣੀ ਦੀ ਰਫ਼ਤਾਰ ਘਟਣ ਕਰਕੇ ਪਾੜ ਭਰਨ ਦੇ ਕੰਮ ਵਿੱਚ ਤੇਜ਼ੀ ਆਈ। ਉਦੋਂ ਸਿਰਫ 20-25 ਫੁੱਟ ਦੀ ਪਾੜ ਭਰਨਾ ਬਾਕੀ ਰਹਿ ਗਿਆ ਸੀ।

ਪਿਛਲੇ ਦਿਨਾਂ ਤੋਂ ਇਲਾਕੇ ਵਿੱਚ ਬਣੀ ਸੰਭਾਵਿਤ ਹੜ੍ਹ ਦੀ ਸਥਿਤੀ ਟਲ਼ ਗਈ ਹੈ। ਪਾਣੀ ਘਟਣ ਲੱਗਾ ਹੈ ਪਰ ਫਸਲ ਬਰਬਾਦ ਹੋ ਗਈ ਹੈ। ਅਧਿਕਾਰੀਆਂ ਨੂੰ ਹਦਾਇਤਾਂ ਦੇ ਦਿੱਤੀਆਂ ਗਈਆਂ ਹਨ ਕਿ ਪਾਣੀ ਦਾ ਪੱਧਰ ਘਟਦਿਆਂ ਹੀ ਵਿਸ਼ੇਸ਼ ਗਿਰਦਾਵਰੀ ਕੀਤੀ ਜਾਏ ਤੇ ਇਹ ਕੰਮ ਮੁਕੰਮਲ ਕਰਕੇ ਸਰਕਾਰ ਨੂੰ ਫਸਲਾਂ ਦੇ ਨੁਕਸਾਨ ਸਬੰਧੀ ਤੁਰੰਤ ਰਿਪੋਰਟ ਭੇਜੀ ਜਾਏ।

Source:AbpSanjha