ਬੀਐਸਐਫ ਨੇ ਸਰਚ ਆਪਰੇਸ਼ਨ ਦੌਰਾਨ ਸਰਹੱਦ ਪਾਰੋਂ ਆ ਰਹੀ ਕਰੋੜਾਂ ਦੀ ਹੈਰੋਇਨ ਕੀਤੀ ਜ਼ਬਤ

heroine

ਸੰਕੇਤਕ ਤਸਵੀਰ

ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਸਰਹੱਦ ਪਾਰੋਂ ਆ ਰਹੀ ਕਰੀਬ ਪੰਜ ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। ਕਾਊਂਟਰ ਇੰਟੈਲੀਜੈਂਸ ਤੇ ਬੀਐਸਐਫ ਨੇ ਸਾਂਝੇ ਸਰਚ ਆਪਰੇਸ਼ਨ ਦੌਰਾਨ ਫ਼ਿਰੋਜ਼ਪੁਰ ਕੌਮਾਂਤਰੀ ਸਰਹੱਦ ਦੀ ਬੀਓਪੀ ਬਾਰੇ ਕੇ ਚੌਕੀ ਅਧੀਨ ਆਉਂਦੇ ਇਲਾਕੇ ਵਿੱਚੋਂ 5 ਕਿਲੋ ਹੈਰੋਇਨ ਦੇ ਪੈਕੇਟ ਬਰਾਮਦ ਕੀਤੇ। ਗੁਆਂਢੀ ਮੁਲਕ ਤੋਂ ਆ ਰਹੀ ਹੈਰੋਇਨ ਦੇ ਦੋ ਮਾਮਲਿਆਂ ਵਿੱਚੋਂ ਕਾਊਂਟਰ ਇੰਟੈਲੀਜੈਂਸ ਨੇ 5 ਕਿੱਲੋ ਤੇ ਨਾਰਕੋਟਿਕ ਵਿਭਾਗ ਨੇ ਕਰੀਬ ਡੇਢ ਕਿਲੋ ਹੈਰੋਇਨ ਬਰਾਮਦ ਕੀਤੀ। ਪੁਲਿਸ ਨੇ ਦੋ ਤਸਕਰਾਂ ਨੂੰ ਵੀ ਕਾਬੂ ਕੀਤਾ ਹੈ।

ਕਾਊਂਟਰ ਇੰਟੈਲੀਜੈਂਸ ਦੇ ਇੰਚਾਰਜ ਨਰਿੰਦਰਪਾਲ ਸਿੰਘ ਨੇ ਦੱਸਿਆ ਕਿ ਤੜਕੇ ਫੌਜੀ ਜਵਾਨਾਂ ਤੇ ਸਰਹੱਦ ਪਾਰੋਂ ਭਾਰਤ ਵਾਲੇ ਪਾਸੇ ਹੈਰੋਇਨ ਸੁੱਟਣ ਆਏ ਤਸਕਰਾਂ ਵਿੱਚ ਕਰੀਬ 35 ਫਾਇਰ ਵੀ ਹੋਏ, ਪਰ ਧੁੰਦ ਦਾ ਫਾਇਦਾ ਉਠਾਉਂਦਿਆਂ ਤਸਕਰ ਫਰਾਰ ਹੋਣ ’ਚ ਕਾਮਯਾਬ ਹੋ ਗਏ। ਉਨ੍ਹਾਂ ਵੱਲੋਂ ਲਿਆਂਦੀ ਜਾ ਰਹੀ 25 ਕਰੋੜ ਰੁਪਏ ਦੀ ਕੀਮਤ ਦੀ ਹੈਰੋਇਨ ਬਰਾਮਦ ਕਰ ਲਈ ਗਈ।

ਦਰਅਸਲ ਕਾਊਂਟਰ ਇੰਟੈਲੀਜੈਂਸ ਪਾਕਿਸਤਾਨ ਤੋਂ ਹੈਰੋਇਨ ਦੀ ਖੇਪ ਆਉਣ ਦੀ ਸੂਚਨਾ ਮਿਲੀ ਸੀ। ਇਸ ਦੇ ਆਧਾਰ ’ਤੇ ਕਾਊਂਟਰ ਇੰਟੈਲੀਜੈਂਸ ਨੇ ਬੀਐਸਐਫ ਨਾਲ ਸੰਪਰਕ ਕਰਕੇ ਸਰਚ ਆਪ੍ਰੇਸ਼ਨ ਚਲਾਇਆ ਤੇ 5 ਕਿਲੋ ਹੈਰੋਇਨ ਬਰਾਮਦ ਕੀਤੀ। ਇਸ ਦੌਰਾਨ ਦੋਵਾਂ ਧਿਰਾਂ ਵਿਚਾਲੇ ਜ਼ਬਰਦਸਤ ਮੁਕਾਬਲਾ ਵੀ ਹੋਇਆ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਨਾਰਕੋਟਿਕਸ ਦੀ ਟੀਮ ਨੇ ਇੱਕ ਤਸਕਰ ਨੂੰ ਡੇਢ ਕਿਲੋ ਹੈਰੋਇਨ ਨਾਲ ਕਾਬੂ ਕੀਤਾ ਸੀ। ਉਸੇ ਦੀ ਨਿਸ਼ਾਨਦੇਹੀ ’ਤੇ ਅੱਜ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਕੌਮਾਂਤਰੀ ਸਰਹੱਦ ਪਹੁੰਚ ਕਰਕੇ ਬੀਐਸਐਫ ਜਵਾਨਾਂ ਦੀ ਸਹਾਇਤਾ ਨਾਲ 5 ਕਿਲੋ ਹੈਰੋਇਨ ਬਰਾਮਦ ਕੀਤੀ ਹੈ।

Source:AbpSanjha