ਗੁਰਦਾਸਪੁਰ ਤੇ ਹੁਸ਼ਿਆਰਪੁਰ ਸੀਟ ਤੋਂ ਬੀਜੇਪੀ ਨੇ ਐਲਾਨੇ ਆਪਣੇ ਉਮੀਦਵਾਰ

som prakash and sunny deol

ਲੋਕ ਸਭਾ ਚੋਣਾਂ ਲਈ ਬੀਜੇਪੀ ਨੇ ਆਪਣੇ ਉਮੀਦਵਾਰਾਂ ਦੀ 26ਵੀਂ ਲਿਸਟ ਜਾਰੀ ਕਰ ਦਿੱਤੀ ਹੈ। ਇਸ ਦੇ ਤਹਿਤ ਗੁਰਦਾਸਪੁਰ ਤੋਂ ਬਾਲੀਵੁੱਡ ਅਦਾਕਾਰ ਸਨੀ ਦਿਓਲ ਨੂੰ ਬੀਜੇਪੀ ਦੇ ਲੋਕ ਸਭਾ ਉਮੀਦਵਾਰ ਐਲਾਨਿਆ ਗਿਆ ਹੈ। ਦੱਸ ਦੇਈਏ ਸਨੀ ਦਿਓਲ ਅੱਜ ਹੀ ਬੀਜੇਪੀ ਵਿੱਚ ਸ਼ਾਮਲ ਹੋਏ ਹਨ। ਸਵੇਰ ਤੋਂ ਹੀ ਉਨ੍ਹਾਂ ਦੇ ਗੁਰਦਾਸਪੁਰ ਤੋਂ ਚੋਣ ਲੜਨ ਦੇ ਕਿਆਸ ਲਾਏ ਜਾ ਰਹੇ ਹਨ। ਉਨ੍ਹਾਂ ਦਾ ਮੁਕਾਬਲਾ ਕਾਂਗਰਸ ਦੇ ਉਮੀਦਵਾਰ ਤੇ ਸੂਬਾ ਪ੍ਰਧਾਨ ਸੁਨੀਲ ਜਾਖੜ ਨਾਲ ਹੋਏਗਾ।

ਉੱਧਰ ਹੁਸ਼ਿਆਰਪੁਰ ਲੋਕ ਸਭਾ ਸੀਟ ਤੋਂ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਦੀ ਟਿਕਟ ਕੱਟੀ ਗਈ ਹੈ। ਉਨ੍ਹਾਂ ਦੀ ਥਾਂ ਬੀਜੇਪੀ ਨੇ ਸੇਵਾ ਮੁਕਤ ਆਈਏਐਸ ਅਫ਼ਸਰ ਸੋਮ ਪ੍ਰਕਾਸ਼ ਨੂੰ ਉਮੀਦਵਾਰ ਐਲਾਨਿਆ ਹੈ। ਹਾਲਾਂਕਿ ਪਿਛਲੀਆਂ 2014 ਲੋਕ ਸਭਾ ਚੋਣਾਂ ਵਿੱਚ ਵਿਜੇ ਸਾਂਪਲਾ ਨੇ ਜਿੱਤ ਹਾਸਲ ਕੀਤੀ ਸੀ ਪਰ ਪਾਰਟੀ ਨੇ ਉਨ੍ਹਾਂ ਦੀ ਥਾਂ ਫਗਵਾੜਾ ਤੋਂ ਮੌਜੂਦਾ ਵਿਧਾਇਕ ‘ਤੇ ਭਰੋਸਾ ਜਤਾਇਆ ਹੈ। ਹੁਸ਼ਿਆਰਪੁਰ ਤੋਂ ਕਾਂਗਰਸ ਵੱਲੋਂ ਡਾ. ਰਾਜ ਕੁਮਾਰ ਚੱਬੇਵਾਲ ਚੋਣ ਮੈਦਾਨ ਵਿੱਚ ਹਨ।

ਇਹ ਵੀ ਪੜ੍ਹੋ : ਟਿਕਟ ਕੱਟਣ ਤੇ ਸਾਂਪਲਾ ਨੇ ਜਤਾਈ ਨਾਰਾਜ਼ਗੀ, ਕਿਹਾ ‘ਬੀਜੇਪੀ ਨੇ ਗਊ ਹੱਤਿਆ ਕਰ ਦਿੱਤੀ’

ਇਸ ਤੋਂ ਇਲਾਵਾ 26ਵੀਂ ਲਿਸਟ ਵਿੱਚ ਪਾਰਟੀ ਨੇ ਚੰਡੀਗੜ੍ਹ ਸੀਟ ਤੋਂ ਮੌਜੂਦਾ ਸਾਂਸਦ ਕਿਰਨ ਖੇਰ ‘ਤੇ ਮੁੜ ਭਰੋਸਾ ਕੀਤਾ ਹੈ। ਕਾਂਗਰਸ ਦੀ ਗੱਲ ਕੀਤੀ ਜਾਏ ਤਾਂ ਕਾਂਗਰਸ ਨੇ ਚੰਡੀਗੜ੍ਹ ਸੀਟ ਤੋਂ ਪਵਨ ਕੁਮਾਰ ਬਾਂਸਲ ਨੂੰ ਲੋਕ ਸਭ ਉਮੀਦਵਾਰ ਐਲਾਨਿਆ ਹੈ।

ਇਸ ਦੇ ਨਾਲ ਹੀ ਬੀਜੇਪੀ ਨੇ ਪੰਜਾਬ ਵਿੱਚ ਆਪਣੇ ਹਿੱਸੇ ਦੀਆਂ ਤਿੰਨੇ ਸੀਟਾਂ ਤੋਂ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਪਾਰਟੀ ਨੇ ਅੰਮ੍ਰਿਤਸਰ ਸੀਟ ਤੋਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਉਮੀਦਵਾਰ ਐਲਾਨਿਆ ਹੈ।

bjp punjab candidate

Source:AbpSanjha