ਖਹਿਰਾ ਦੇ ਇਸਤੀਫੇ ਮਗਰੋਂ ਟਕਸਾਲੀਆਂ ਕੋਲ ਪਹੁੰਚੇ ਭਗਵੰਤ ਮਾਨ

bhagwant mann and Ranjit Singh Brahmpura

ਲੋਕ ਸਭਾ ਚੋਣਾਂ ਨੇੜੇ ਆਉਂਦਿਆਂ ਹੀ ਪੰਜਾਬ ਦਾ ਸਿਆਸੀ ਪਾਰਾ ਚੜ੍ਹਣਾ ਸ਼ੁਰੂ ਹੋ ਗਿਆ ਹੈ। ਦਿੱਲੀ ਤੇ ਪੰਜਾਬ ਵਿੱਚ ਮੀਟਿੰਗਾਂ ਦਾ ਦੌਰ ਤੇਜ਼ ਹੋ ਗਿਆ ਹੈ। ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਅੱਜ ਸ਼੍ਰੋਮਣੀ ਅਕਾਲੀ ਦਲ (ਬ) ਨੂੰ ਛੱਡ ਵੱਖਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਬਣਾਉਣ ਵਾਲੇ ਲੀਡਰਾਂ ਨਾਲ ਅੰਮ੍ਰਿਤਸਰ ਵਿੱਚ ਮੁਲਾਕਾਤ ਕੀਤੀ।

ਮੀਟਿੰਗ ਦੌਰਾਨ ਹੋਈ ਚਰਚਾ ਦੇ ਵੇਰਵੇ ਨਹੀਂ ਮਿਲੇ ਪਰ ਇਹ ਤੈਅ ਹੈ ਕਿ ਕਾਂਗਰਸ ਨਾਲ ਗੱਠਜੋੜ ਤੋਂ ਇਨਕਾਰ ਕਰਨ ਮਗਰੋਂ ਆਮ ਆਦਮੀ ਪਾਰਟੀ ਨਵੇਂ ਭਾਈਵਾਲ ਲੱਭ ਰਹੀ ਹੈ। ਲੰਘੇ ਦਿਨ ਦਿੱਲੀ ਵਿੱਚ ਹੋਈ ਮੀਟਿੰਗ ਤੋਂ ਬਾਅਦ ‘ਆਪ’ ਨੇ ਸਪਸ਼ਟ ਕੀਤਾ ਸੀ ਕਿ ਕਾਂਗਰਸ, ਅਕਾਲੀ ਦਲ ਤੇ ਬੀਜੇਪੀ ਨੂੰ ਛੱਡ ਹੋਰ ਹਮਖਿਆਲੀ ਧਿਰਾਂ ਨਾਲ ਗੱਠਜੋੜ ਕੀਤਾ ਜਾ ਸਕਦਾ ਹੈ।

bhagwant mann and Ranjit Singh Brahmpura

ਦਿਲਚਸਪ ਗੱਲ਼ ਹੈ ਕਿ ਟਕਸਾਲੀ ਲੀਡਰਾਂ ਤੇ ਆਮ ਆਦਮੀ ਪਾਰਟੀ ਦੇ ਬਾਗੀ ਖਹਿਰਾ ਧੜੇ ਦੀ ਵੀ ਗੱਲ਼ਬਾਤ ਚੱਲ ਰਹੀ ਹੈ। ਅਜਿਹੇ ਵਿੱਚ ਟਕਸਾਲੀ ਲੀਡਰ ਕਿਸ ਨੂੰ ਚੁਣਨਗੇ, ਇਹ ਦਿਲਚਸਪ ਹੋਏਗਾ। ਸੁਖਪਾਲ ਖਹਿਰਾ ਨੇ ਅਜੇ ਐਤਵਾਰ ਹੀ ਅਸਤੀਫਾ ਦਿੱਤਾ ਤੇ ਅੱਜ ਅਗਲੇ ਦਿਨ ਭਗਵੰਤ ਮਾਨ ਟਕਸਾਲੀ ਲੀਡਰਾਂ ਕੋਲ ਪਹੁੰਚ ਗਏ। ਖਹਿਰਾ ਅੱਠ ਜਨਵਰੀ ਨੂੰ ਨਵੀਂ ਪਾਰਟੀ ਦਾ ਐਲਾਨ ਕਰ ਸਕਦੇ ਹਨ।

ਯਾਦ ਰਹੇ ਟਕਸਾਲੀ ਲੀਡਰ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ ਤੇ ਡਾ. ਰਤਨ ਸਿੰਘ ਅਜਨਾਲਾ ਨੇ ਬਾਦਲ ਪਰਿਵਾਰ ਖਿਲਾਫ ਮੋਰਚਾ ਖੋਲ੍ਹਦਿਆਂ ਵੱਖਰਾ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਬਣਾਇਆ ਹੈ। ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਹੈ ਕਿ ਹਮਖਿਆਲੀ ਪਾਰਟੀਆਂ ਨਾਲ ਮਿਲ ਕੇ ਲੋਕ ਸਭਾ ਤੇ ਸ਼੍ਰੋਮਣੀ ਕਮੇਟੀ ਚੋਣਾਂ ਲੜਨਗੇ।

Source:AbpSanjha