ਭਗਵੰਤ ਮਾਨ ਦੇ ‘ਸ਼ਰਾਬ ਛੱਡਣ’ ਨੂੰ ਲੈ ਕੇ ਨੁਕਤਾਚੀਨੀ ਕਰਨ ਵਾਲੇ ਵਿਰੋਧੀਆਂ ਨੂੰ ਠੋਕਵਾਂ ਜਵਾਬ

sukhbir badal and bhagwant mann

ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਸ਼ਰਾਬ ਛੱਡਣ ਨੂੰ ਲੈ ਕੇ ਵਿਰੋਧੀਆਂ ਵੱਲੋਂ ਕੀਤੀ ਜਾ ਰਹੀ ਨੁਕਤਾਚੀਨੀ ਦਾ ਠੋਕਵਾਂ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਵਿਰੋਧੀਆਂ ਵੱਲੋਂ ਸ਼ਰਾਬ ਦੇ ਨਾਮ ’ਤੇ ਉਸ ਨੂੰ ਬਦਨਾਮ ਕੀਤਾ ਜਾ ਰਿਹਾ ਹੈ, ਕਿਉਂਕਿ ਵੱਡੇ ਸਿਆਸੀ ਘਰਾਣਿਆਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ ਕਿ ਆਮ ਪਰਿਵਾਰ ਦਾ ਮੁੰਡਾ ਜਿੱਤ ਕੇ ਰਾਜਨੀਤੀ ਵਿੱਚ ਕਿਵੇਂ ਆ ਗਿਆ। ਉਨ੍ਹਾਂ ਕਿਹਾ ਕਿ ਉਸ ਨੇ ਵੱਡੇ ਸਿਆਸੀ ਘਰਾਣਿਆਂ ਵਾਂਗ ਪੰਜਾਬ ਦੇ ਲੋਕਾਂ ਦਾ ਖੂਨ ਨਹੀਂ ਪੀਤਾ ਸਗੋਂ ਜੇ ਉਹ ਸ਼ਰਾਬ ਪੀਂਦਾ ਵੀ ਸੀ ਤਾਂ ਆਪਣੀ ਜੇਬੋਂ ਪੀਂਦਾ ਸੀ।

ਯਾਦ ਰਹੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਬਰਨਾਲਾ ਵਿੱਚ ਕੇਜਰੀਵਾਲ ਦੀ ਰੈਲੀ ਦੌਰਾਨ ਸ਼ਰਾਬ ਛੱਡਣ ਦਾ ਐਲਾਨ ਕੀਤਾ ਸੀ। ਇਸ ਮਗਰੋਂ ਵਿਰਧੀ ਪਾਰਟੀਆਂ ਨੇ ਭਗਵੰਤ ਮਾਨ ਦਾ ਮੀਡੀਆ ਵਿੱਚ ਕਾਫੀ ਮਜ਼ਾਕ ਉਡਾਇਆ ਸੀ। ਇਸ ਬਾਰੇ ਭਗਵੰਤ ਮਾਨ ਨੇ ਕਿਹਾ ਕਿ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਉਨ੍ਹਾਂ ਨੂੰ ਬਦਨਾਮ ਕਰਨ ’ਤੇ ਤੁਲੇ ਹੋਏ ਹਨ।

ਉਨ੍ਹਾਂ ਇਲਜ਼ਾਮ ਲਾਇਆ ਕਿ ਅਕਾਲੀ ਤੇ ਕਾਂਗਰਸੀ ਸ਼ੋਸ਼ਲ ਮੀਡੀਆ ’ਤੇ ਜਾਅਲੀ ਆਈਡੀ ਜਾਂ ਗਰੁੱਪ ਬਣਾ ਕੇ ਆਮ ਆਦਮੀ ਪਾਰਟੀ ਨੂੰ ਬਦਨਾਮ ਕਰ ਰਹੇ ਹਨ। ਉਧਰ, ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਵੀ ਕਿਹਾ ਹੈ ਕਿ ਸੋਸ਼ਲ ਮੀਡੀਆ ’ਤੇ ਜਾਅਲੀ ਆਈਡੀ ਬਣਾ ਕੇ ਪਾਰਟੀ ਨੂੰ ਢਾਹ ਲਾਉਣ ਵਾਲਿਆਂ ਖ਼ਿਲਾਫ਼ ਉਹ ਪੰਜਾਬ ਪੁਲਿਸ ਦੇ ਮੁਖੀ ਨੂੰ ਮਿਲ ਕੇ ਇਸ ਮਾਮਲੇ ਦੀ ਜਾਂਚ ਕਰਵਾਉਣਗੇ।.

Source:AbpSanjha