ਅਮ੍ਰਿਤਸਰ ‘ਚ ਮੈਟਰੋ ਬੱਸ ਸੇਵਾ ਦੀ ਸ਼ੁਰੂਆਤ , ਵਿਦਿਆਰਥੀਆਂ ਤੇ ਬਜ਼ੁਰਗਾਂ ਨੂੰ ਮਿਲੇਗੀ ਵਿਸ਼ੇਸ਼ ਛੋਟ

BRTC Metro Bus started in Amritsar

ਗੁਰੂ ਨਗਰੀ ਵਿੱਚ ਮੈਟਰੋ ਬੱਸ ਸੇਵਾ ਦੀ ਸ਼ੁਰੂਆਤ ਹੋ ਚੁੱਕੀ ਹੈ, ਜੋ ਸ਼ਹਿਰ ਵਿੱਚ ਤੇਜ਼ ਤੇ ਕਫਾਇਤੀ ਆਵਾਜਾਈ ਦਾ ਸਾਧਨ ਹੋਵੇਗਾ। ਇਸ ਬੱਸ ਰੈਪਿਡ ਟ੍ਰਾਂਜ਼ਿਟ ਸਿਸਟਮ ਦਾ ਪੰਧ ਵੀ ਆਮ ਸੜਕ ਤੋਂ ਵੱਖਰਾ ਹੋਵੇਗਾ, ਜਿਸ ਕਾਰਨ ਇਹ ਤੇਜ਼ ਤੇ ਰੁਕਾਵਟ ਰਹਿਤ ਸੇਵਾ ਸਾਬਤ ਹੋ ਸਕਦੀ ਹੈ।

ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਆਪਣੇ ਸਾਥੀਆਂ ਓ.ਪੀ. ਸੋਨੀ ਤੇ ਸੰਸਦ ਮੈਂਬਰ ਗੁਰਜੀਤ ਔਜਲਾ ਨਾਲ ਇਸ ਬੱਸ ਸੇਵਾ ਦਾ ਉਦਘਾਟਨ ਕੀਤਾ। ਸਿੱਧੂ ਨੇ ਦੱਸਿਆ ਕਿ ਬੀਆਰਟੀਐਸ ਦੇਸ਼ ਵਿੱਚ ਆਪਣੀ ਕਿਸਮ ਦੀ 13ਵੀਂ ਯੋਜਨਾ ਹੈ। ਅੰਮ੍ਰਿਤਸਰ ਦੇ 31 ਕਿਲੋਮੀਟਰ ਤਕ ਇਹ ਮੈਟਰੋ ਬੱਸ ਸੇਵਾ ਚਲਾਈ ਜਾਵੇਗੀ, ਜਿਸ ਵਿੱਚ 47 ਬੱਸ ਅੱਡੇ ਬਣਾਏ ਗਏ ਹਨ। 93 ਏਸੀ ਬੱਸਾਂ ਚਲਾਈਆਂ ਜਾਣਗੀਆਂ ਜੋ ਹਰ ਚਾਰ-ਚਾਰ ਮਿੰਟ ਬਾਅਦ ਚੱਲਣਗੀਆਂ।

ਸਿੱਧੂ ਨੇ ਦੱਸਿਆ ਕਿ ਬੀਆਰਟੀਐਸ ਪ੍ਰਾਜੈਕਟ ਦੀ ਕੁੱਲ ਲਾਗਤ 545 ਕਰੋੜ ਆਈ ਹੈ ਤੇ ਕੈਪਟਨ ਸਰਕਾਰ ਦੇ ਵਾਅਦੇ ਮੁਤਾਬਕ ਪਹਿਲੇ ਤਿੰਨ ਮਹੀਨੇ ਲਈ ਇਹ ਸੇਵਾ ਮੁਫ਼ਤ ਰਹੇਗੀ ਪਰ ਸਕੂਲੀ ਵਿਦਿਆਰਥੀਆਂ ਇਸ ਬੱਸ ਵਿੱਚ ਸਫ਼ਰ ਹਮੇਸ਼ਾ ਲਈ ਮੁਫ਼ਤ ਰਹੇਗਾ। ਉਨ੍ਹਾਂ ਦੱਸਿਆ ਕਿ ਬੱਸ ਦਾ ਘੱਟੋ-ਘੱਟ ਕਿਰਾਇਆ ਪੰਜ ਰੁਪਏ ਹੋਵੇਗਾ, ਜਿਸ ਵਿੱਚ ਤਿੰਨ ਕਿਲੋਮੀਟਰਰ ਤਕ ਦਾ ਸਫ਼ਰ ਕੀਤਾ ਜਾ ਸਕੇਗਾ।

ਪੂਰੇ ਦਿਨ ਦੇ ਪਾਸ ਦੀ ਸੁਵਿਧਾ 25 ਰੁਪਏ ਵਿੱਚ ਮੁਹੱਈਆ ਕਰਵਾਈ ਜਾਵੇਗੀ। ਇਸ ਦੇ ਨਾਲ ਹੀ ਕਾਲਜ ਦੇ ਵਿਦਿਆਰਥੀਆਂ ਨੂੰ 66%, ਬਜ਼ੁਰਗਾਂ ਨੂੰ 50% ਤੇ ਸਰੀਰਕ ਤੌਰ ‘ਤੇ ਅਸਮਰਥ ਵਿਅਕਤੀਆਂ ਨੂੰ ਵੀ ਵਿਸ਼ੇਸ਼ ਛੋਟ ਮਿਲੇਗੀ।

ਬੀਆਰਟੀਐਸ ਨੂੰ ਪਹਿਲਾਂ ਅਕਾਲੀ ਸਰਕਾਰ ਵੇਲੇ ਵੀ ਸ਼ੁਰੂ ਕੀਤਾ ਗਿਆ ਸੀ, ਪਰ ਇਹ ਪ੍ਰਾਜੈਕਟ ਬਹੁਤਾ ਸਮਾਂ ਨਹੀਂ ਸੀ ਚੱਲੀ। ਸਿੱਧੂ ਨੇ ਅੱਜ ਆਪਣੇ ਸੰਬੋਧਨ ਦੌਰਾਨ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੀ ਪੁਰਾਣੀ ਬੀਆਰਟੀਐਸ ਯੋਜਨਾ ‘ਤੇ ਵੀ ਸਵਾਲ ਚੁੱਕੇ। ਕੈਬਨਿਟ ਮੰਤਰੀ ਨੇ ਸੁਖਬੀਰ ਬਾਦਲ ਦੀ ਪਾਣੀ ਵਾਲੀ ਬੱਸ ਯੋਜਨਾ ‘ਤੇ ਵੀ ਤੰਜ਼ ਕੱਸੇ ਤੇ ਆਪਣੀ ਸਰਕਾਰ ਵੱਲੋਂ ਸ਼ੁਰੂ ਕੀਤੀ ਮੈਟਰੋ ਬੱਸ ਸੇਵਾ ਦੀ ਸ਼ਲਾਘਾ ਕੀਤੀ।

Source:AbpSanjha