Amritsar Blast News: ਅੰਮ੍ਰਤਿਸਰ ਵਿੱਚ ਸਥਿਤ ਪਟਾਕਾ ਫੈਕਟਰੀ ਵਿੱਚ ਹੋਇਆ ਧਮਾਕਾ, ਪਿੰਡ ਵਾਲਿਆਂ ਨੇ ਸਰਕਾਰ ਕੋਲੋਂ ਕੀਤੀ ਵੱਡੀ ਮੰਗ

fireworks-factory-blast-in-chatiwind-amritsar
Amritsar Blast News: ਜ਼ਿਲ੍ਹੇ ਦੇ ਚਾਟੀਵਿੰਡ ਥਾਣੇ ਅਧੀਨ ਆਉਂਦੇ ਪਿੰਡ ਇੱਬਨ ਕਲਾਂ ਦੀ ਇਕ ਲਾਇਸੰਸੀ ਪਟਾਕਾ ਫ਼ੈਕਟਰੀ ਦੇ ਵਿੱਚ ਅੱਜ ਸਵੇਰੇ ਅਚਾਨਕ ਧਮਾਕਾ ਹੋਇਆ। ਇਹ ਧਮਾਕਾ ਸ਼ਾਰਟ ਸਰਕਟ ਦੇ ਨਾਲ ਹੋਈ ਸਪਾਰਕਿੰਗ ਤੋਂ ਹੋਇਆ ਦੱਸਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ: Jathedar Iqbal Singh News: ਤਖ਼ਤ ਸ਼੍ਰੀ ਪਟਨਾ ਸਾਹਿਬ ਦੇ ਜੱਥੇਦਾਰ ਨੇ ਸਿੱਖ ਭਾਵਨਾਵਾਂ ਨੂੰ ਲੈ ਕੇ ਦਿੱਤਾ ਵਿਵਾਦਿਤ ਬਿਆਨ

ਜਿਸ ਵੇਲੇ ਇਹ ਧਮਾਕਾ ਹੋਇਆ ਤਾਂ ਉਸ ਵੇਲੇ ਫੈਕਟਰੀ ਦੇ ਵਿੱਚ ਸਵੇਰੇ ਦੋ ਤਿੰਨ ਹੀ ਮੁਲਾਜ਼ਮ ਮੌਜੂਦ ਸਨ। ਜਦੋਂ ਪਹਿਲਾ ਧਮਾਕਾ ਹੋਇਆ ਤਾਂ ਉਹ ਸਾਰੇ ਬਾਹਰ ਦੌੜ ਗਏ ਇਸ ਤੋਂ ਬਾਅਦ ਲੜੀਵਾਰ ਤਿੰਨ ਚਾਰ ਧਮਾਕੇ ਫੈਕਟਰੀ ਦੇ ਵਿੱਚ ਹੋਏ। ਫੈਕਟਰੀ ਪਿੰਡ ਦੇ ਬਾਹਰ ਖੇਤੀ ਦੀ ਜ਼ਮੀਨ ਵਿੱਚ ਸਥਿਤ ਹੈ ਜੋ ਤਲਵਿੰਦਰ ਸਿੰਘ ਜੌਲੀ ਦੇ ਨਾਂਅ ਤੇ ਹੈ। ਫੈਕਟਰੀ ਦੇ ਮਜ਼ਦੂਰ ਧਮਾਕੇ ਤੋਂ ਬਾਅਦ ਫਰਾਰ ਹੋ ਗਏ। ਮੌਕੇ ‘ਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਫ਼ੈਕਟਰੀ ਦੇ ਵਿੱਚ ਤਿੰਨ ਸਾਲ ਪਹਿਲਾਂ ਵੀ ਧਮਾਕਾ ਹੋਇਆ ਸੀ।

ਪਿੰਡ ਵਾਸੀਆਂ ਮੰਗ ਕੀਤੀ ਕਿ ਫੈਕਟਰੀ ਨੂੰ ਪਿੰਡ ਚੋਂ ਬਾਹਰ ਕੱਢਿਆ ਜਾਣਾ ਚਾਹੀਦਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਜਾਣਕਾਰੀ ਨਹੀਂ ਕਿ ਕੋਈ ਇੰਸਪੈਕਟਰ ਵੀ ਜਾਂਚ ਕਰਨ ਲਈ ਕਦੇ ਆਇਆ ਹੋਵੇਗਾ ਜਾਂ ਨਹੀਂ। ਫਾਇਰ ਬ੍ਰਿਗੇਡ ਦੇ ਅਧਿਕਾਰੀ ਮੁਤਾਬਕ ਉਨ੍ਹਾਂ ਨੂੰ ਸਵੇਰੇ ਦਸ ਵਜੇ ਦੇ ਕਰੀਬ ਇਸ ਧਮਾਕੇ ਦੀ ਸੂਚਨਾ ਮਿਲੀ ਤਾਂ ਉਹ ਚਾਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਲੈ ਕੇ ਮੌਕੇ ‘ਤੇ ਪੁੱਜੇ।

ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਮੁਤਾਬਕ ਅੱਗ ਬੁਝਾਉਣ ਵੇਲੇ ਵੀ ਫੈਕਟਰੀ ਦੇ ਵਿੱਚ ਧਮਾਕੇ ਹੋ ਰਹੇ ਸਨ। ਗਨੀਮਤ ਰਹੀ ਕਿ ਕਿਸੇ ਕਿਸਮ ਦਾ ਜਾਨੀ ਨੁਕਸਾਨ ਨਹੀਂ ਹੋਇਆ। ਮੌਕੇ ਤੇ ਪਹੁੰਚੇ ਐਸਡੀਐੱਮ ਸ਼ਿਵਰਾਜ ਸਿੰਘ ਬੱਲ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਫੈਕਟਰੀ ਮਾਲਕ ਕੋਲੋਂ ਲਾਇਸੰਸ ਮੰਗਵਾ ਕੇ ਸਾਰੇ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਜੇਕਰ ਕਿਸੇ ਕਿਸਮ ਦੀ ਕੋਈ ਕੁਤਾਹੀ ਵਰਤੀ ਗਈ ਹੋਈ ਤਾਂ ਇਸ ਦੇ ਲਈ ਮਾਲਕ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

Punjabi News Online  ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ