ਅੰਮ੍ਰਿਤਸਰ ‘ਚ ਅੱਗ ਲੱਗਣ ਨਾਲ ਭਿਆਨਕ ਹਾਦਸਾ , ਤਿੰਨ ਭੈਣਾਂ ਦੀ ਮੌਤ

Fire in Amritsar

ਅੰਮ੍ਰਿਤਸਰ ਸ਼ਹਿਰ ਦੇ ਹਕੀਮਾਂ ਵਾਲੇ ਗੇਟ ਨੇੜੇ ਇਲਾਕੇ ਵਿੱਚ ਬਣੇ ਘਰ ‘ਚ ਅੱਗ ਲੱਗ ਗਈ, ਜਿਸ ਵਿੱਚ ਝੁਲਸਣ ਕਾਰਨ ਤਿੰਨ ਔਰਤਾਂ ਦੀ ਮੌਤ ਹੋ ਗਈ। ਮ੍ਰਿਤਕ ਔਰਤਾਂ ਆਪਸ ਵਿੱਚ ਭੈਣਾਂ ਸਨ। ਮ੍ਰਿਤਕਾਂ ਵਿੱਚੋਂ ਅੰਮ੍ਰਿਤਸਰ ਦੀ ਰਹਿਣ ਵਾਲੀ ਮਹਿਲਾ ਦੀ ਸ਼ਨਾਖ਼ਤ ਇੰਦੂ ਵਜੋਂ ਹੋਈ ਹੈ।

ਮੌਕੇ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਇੰਦੂ ਪਤਨੀ ਜਗਜੀਤ ਸਿੰਘ ਆਪਣੇ ਘਰ ਵਿੱਚ ਆਪਣੀਆਂ ਦੋ ਛੋਟੀਆਂ ਭੈਣਾਂ ਪ੍ਰੀਤੀ ਅਤੇ ਵੰਦਨਾ ਦੇ ਨਾਲ ਮੌਜੂਦ ਸੀ। ਤਕਰੀਬਨ ਸ਼ਾਮੀ ਛੇ ਵਜੇ ਆਸ ਪਾਸ ਦੇ ਲੋਕਾਂ ਨੇ ਘਰ ਦੇ ਵਿੱਚੋਂ ਚੀਕਾਂ ਦੀਆਂ ਆਵਾਜ਼ਾਂ ਸੁਣੀਆਂ ਅਤੇ ਅੱਗ ਦੀਆਂ ਲਪਟਾਂ ਦੇਖੀਆਂ ਤਾਂ ਉਨ੍ਹਾਂ ਇਕੱਠੇ ਹੋ ਕੇ ਪਹਿਲਾਂ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਅਤੇ ਫਿਰ ਛੱਤਾਂ ਰਾਹੀਂ ਪਾਣੀ ਸੁੱਟ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ।

ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ਤੇ ਆ ਕੇ ਅੱਗ ਨੂੰ ਬੁਝਾਇਆ, ਪਰ ਜਿਸ ਵੇਲੇ ਉਹ ਅੰਦਰ ਅੱਗ ਬੁਝਾ ਕੇ ਪੁੱਜੇ ਤਾਂ ਤਿੰਨੋਂ ਭੈਣਾਂ ਦੀ ਮੌਤ ਹੋ ਚੁੱਕੀ ਸੀ। ਘਰ ਦੇ ਮਾਲਕ ਜਗਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਸੱਸ ਦੀ ਕੁਝ ਸਮਾਂ ਪਹਿਲਾਂ ਦਿੱਲੀ ਵਿੱਚ ਮੌਤ ਹੋ ਗਈ ਸੀ ਜਿਸ ਕਾਰਨ ਉਨ੍ਹਾਂ ਦੀਆਂ ਸਾਲੀਆਂ ਵੰਦਨਾ ਤੇ ਪ੍ਰੀਤੀ ਇੱਥੇ ਆ ਕੇ ਰਹਿਣ ਲੱਗ ਪਈਆਂ ਸਨ।

ਉਨ੍ਹਾਂ ਦੱਸਿਆ ਕਿ ਪਿਛਲੇ ਚਾਰ ਕੁ ਮਹੀਨਿਆਂ ਤੋਂ ਉਹ ਦੋਵੇਂ ਇੱਥੇ ਸਨ। ਅੱਜ ਉਹ ਤੇ ਉਨ੍ਹਾਂ ਦਾ ਲੜਕਾ ਜਸਪ੍ਰੀਤ ਆਪੋ-ਆਪਣੇ ਕੰਮਾਂ ‘ਤੇ ਚਲੇ ਗਏ ਅਤੇ ਦੇਰ ਸ਼ਾਮ ਉਨ੍ਹਾਂ ਦੇ ਗੁਆਂਢੀਆਂ ਨੇ ਫੋਨ ਕਰਕੇ ਅੱਗ ਲੱਗਣ ਦੇ ਬਾਰੇ ਸੂਚਿਤ ਕੀਤਾ। ਦੂਜੇ ਪਾਸੇ ਪੁਲਿਸ ਦੀਆਂ ਟੀਮਾਂ ਅਤੇ ਫੋਰੈਂਸਿਕ ਟੀਮਾਂ ਨੇ ਕ੍ਰਾਈਮ ਸੀਨ ਨੂੰ ਸੀਲ ਕਰਕੇ ਮੌਕੇ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਫਿਲਹਾਲ ਪੁਲਸ ਦਾ ਕਹਿਣਾ ਹੈ ਜਾਂਚ ਤੋਂ ਬਾਅਦ ਹੀ ਕੁਝ ਪਤਾ ਲੱਗ ਸਕੇਗਾ।

Source:AbpSanjha