ਅਕਾਲੀ ਦਲ-ਬੀਜੇਪੀ ਲੋਕ ਸਭਾ ਚੋਣਾਂ ਲਈ ਬਦਲ ਸਕਦੇ ਨੇ ਆਪਸ ਵਿੱਚ ਸੀਟਾਂ

pm narendra modi and parkash singh badal

ਲੋਕ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਨੇ ਦੋ ਸੀਟਾਂ ਆਪਸ ਵਿੱਚ ਤਬਦੀਲ ਕਰਨ ਦਾ ਵਿਚਾਰ ਬਣਾਇਆ ਹੈ। ਇਸ ਬਾਰੇ ਅਜੇ ਰਸਮੀ ਐਲਾਨ ਨਹੀਂ ਹੋਇਆ ਪਰ ਦੋਵਾਂ ਦਲਾਂ ਦੇ ਸੂਤਰਾਂ ਨੇ ਮੰਨਿਆ ਹੈ ਕਿ ਇਸ ਬਾਰੇ ਚਰਚਾ ਹੋ ਰਹੀ ਹੈ। ਹਾਸਲ ਜਾਣਕਾਰੀ ਮੁਤਾਬਕ ਅੰਮ੍ਰਿਤਸਰ-ਲੁਧਿਆਣਾ ਤੇ ਜਲੰਧਰ-ਹੁਸ਼ਿਆਰਪੁਰ ਲੋਕ ਸਭਾ ਸੀਟਾਂ ਆਪਸ ਵਿੱਚ ਬਦਲੇ ਜਾਣ ਦੀ ਸੰਭਾਵਨਾ ਹੈ।

ਇਸ ਬਾਰੇ ਅਕਾਲੀ ਲੀਡਰ ਬਿਕਰਮ ਮਜੀਠੀਆ ਦਾ ਕਹਿਣਾ ਹੈ ਕਿ ਜੇਕਰ ਅੰਮ੍ਰਿਤਸਰ ਸੰਸਦੀ ਸੀਟ ਸ਼੍ਰੋਮਣੀ ਅਕਾਲੀ ਦਲ ਕੋਲ ਆਉਂਦੀ ਹੈ ਤਾਂ ਇਸ ਦਾ ਦੋਵਾਂ ਧਿਰਾਂ ਨੂੰ ਲਾਭ ਹੋਵੇਗਾ। ਇਸ ਸੰਸਦੀ ਹਲਕੇ ਵਿੱਚ ਸ਼ਹਿਰ ਦੇ ਪੰਜ ਵਿਧਾਨ ਸਭਾ ਹਲਕਿਆਂ ਵਿੱਚੋਂ 4 ਹਲਕੇ ਬੀਜੇਪੀ ਕੋਲ ਹਨ ਤੇ ਇੱਕ ਹਲਕਾ ਸ਼੍ਰੋਮਣੀ ਅਕਾਲੀ ਦਲ ਕੋਲ ਹੈ ਜਦਕਿ ਦਿਹਾਤੀ ਚਾਰ ਹਲਕੇ ਸ਼੍ਰੋਮਣੀ ਅਕਾਲੀ ਦਲ ਕੋਲ ਹਨ।

ਅਕਾਲੀ ਦਲ-ਬੀਜੇਪੀ ਗੱਠਜੋੜ ਸੂਬੇ ਦੀਆਂ 13 ਸੰਸਦੀ ਸੀਟਾਂ ਤੋਂ ਚੋਣ ਲੜਦਾ ਹੈ, ਜਿਨ੍ਹਾਂ ਵਿੱਚੋਂ 10 ਸੀਟਾਂ ਅਕਾਲੀ ਦਲ ਤੇ 3 ਬੀਜੇਪੀ ਦੇ ਖਾਤੇ ਵਿੱਚ ਹਨ। ਬੀਜੇਪੀ ਕੋਲ ਅੰਮ੍ਰਿਤਸਰ, ਗੁਰਦਾਸਪੁਰ ਤੇ ਹੁਸ਼ਿਆਰਪੁਰ ਸੀਟਾਂ ਹਨ। ਅੰਮ੍ਰਿਤਸਰ-ਲੁਧਿਆਣਾ ਸੰਸਦੀ ਹਲਕੇ ਦੇ ਬਦਲਾਅ ਬਾਰੇ ਪਹਿਲਾਂ ਵੀ ਗੱਠਜੋੜ ਵਿੱਚ ਚਰਚਾ ਰਹੀ ਹੈ।

ਅੰਮ੍ਰਿਤਸਰ ਸੰਸਦੀ ਹਲਕੇ ਵਿੱਚ ਵਧੇਰੇ ਸਿੱਖ ਵੋਟਰ ਹਨ ਤੇ ਸ਼੍ਰੋਮਣੀ ਅਕਾਲੀ ਦਲ ਦਾ ਦਾਅਵਾ ਹੈ ਕਿ ਵਧੇਰੇ ਸਿੱਖ ਵੋਟਰ ਵਾਲਾ ਇਹ ਸੰਸਦੀ ਹਲਕਾ ਸ਼੍ਰੋਮਣੀ ਅਕਾਲੀ ਦਲ ਲਈ ਲਾਹੇਵੰਦ ਹੋ ਸਕਦਾ ਹੈ। ਲੁਧਿਆਣਾ ਸੰਸਦੀ ਹਲਕਾ ਵਧੇਰੇ ਸ਼ਹਿਰੀ ਹਲਕਿਆਂ ਵਾਲੀ ਸੀਟ ਹੈ ਜਿੱਥੇ ਪਰਵਾਸੀ ਵੋਟ ਵੀ ਵੱਡੀ ਗਿਣਤੀ ਵਿੱਚ ਹੈ ਤੇ ਇਹ ਵੋਟ ਭਾਜਪਾ ਲਈ ਲਾਹੇਵੰਦ ਹੋ ਸਕਦੀ ਹੈ।

Source: AbpSanjha