ਸਿੱਖਿਆ ਮੰਤਰੀ ਸੋਨੀ ਦੀ ‘ਆਪ’ ਨੇ ਕੀਤੀ ਆਲੋਚਣਾ , ਕੇਜਰੀਵਾਲ ਤੋਂ ਸਿੱਖਣ ਦੀ ਦਿੱਤੀ ਨਸੀਹਤ

aman arora

ਪੰਜਾਬ ਦੇ ਸਿੱਖਿਆ ਮੰਤਰੀ ਓਪੀ ਸੋਨੀ ਨੂੰ ਆਮ ਆਦਮੀ ਪਾਰਟੀ ਨੇ ਘੇਰਿਆ ਹੈ। ਇਸ ਦੇ ਨਾਲ ਹੀ ਸਿੱਖਿਆ ਪ੍ਰਬੰਧਾਂ ਵਿੱਚ ਸੁਧਾਰਾਂ ਲਈ ਦਿੱਲੀ ਵਿਚਲੀ ਕੇਜਰੀਵਾਲ ਸਰਕਾਰ ਤੋਂ ਕੁਝ ਸਿੱਖਣ ਦੀ ਨਸੀਹਤ ਦਿੱਤੀ ਹੈ। ਪਾਰਟੀ ਨੇ ਸੋਨੀ ਵੱਲੋਂ ਸਰਕਾਰੀ ਸਕੂਲਾਂ ਦੀ ਤੁਲਨਾ ਢਾਬੇ ਤੇ ਪ੍ਰਾਈਵੇਟ ਸਕੂਲਾਂ ਨੂੰ ਫਾਈਵ ਸਟਾਰ ਹੋਟਲ ਕਹਿਣ ਦਾ ਕਰੜੀ ਅਲੋਚਨਾ ਕੀਤੀ ਹੈ।

ਪਾਰਟੀ ਵੱਲੋਂ ਜਾਰੀ ਬਿਆਨ ਵਿੱਚ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਅਜਿਹਾ ਕਰਕੇ ਸੋਨੀ ਨੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਲੱਖਾਂ ਗ਼ਰੀਬ ਬੱਚਿਆਂ ਦਾ ਮਜ਼ਾਕ ਬਣਾਇਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਅਕਾਲੀ-ਭਾਜਪਾ ਤੇ ਹੁਣ ਕਾਂਗਰਸ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਸੂਬੇ ਵਿੱਚ ਸਿੱਖਿਆ ਵਿਵਸਥਾ ਦਾ ਬੁਰਾ ਹਾਲ ਹੋਇਆ ਹੈ। ਅਜਿਹੇ ਹਾਲਤ ਵਿੱਚ ਸਰਕਾਰੀ ਸਿੱਖਿਆ ਪ੍ਰਣਾਲੀ ਨੂੰ ਦਰੁਸਤ ਕਰਨ ਦੀ ਥਾਂ ਉਸ ਦਾ ਮਜ਼ਾਕ ਉਡਾਉਣਾ ਕਾਂਗਰਸੀ ਮੰਤਰੀ ਦਾ ਸੂਬੇ ਦੀ ਸਿੱਖਿਆ ਪ੍ਰਤੀ ਗੰਭੀਰਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਮੰਤਰੀ ਵੱਲੋਂ ਕੀਤੀ ਗਈ ਟਿੱਪਣੀ ਨੀਵੇਂ ਪੱਧਰ ਦੀ ਹੈ ਤੇ ਇਸ ਸਬੰਧੀ ਉਨ੍ਹਾਂ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ।

ਅਰੋੜਾ ਨੇ ਕਿਹਾ ਕਿ ਇੱਕ ਪਾਸੇ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਵੱਲੋਂ ਦਿੱਲੀ ਵਿੱਚ ਸਿੱਖਿਆ ਸਬੰਧੀ ਕੀਤੇ ਸੁਧਾਰਾਂ ਦੀ ਵਿਸ਼ਵ ਵਿੱਚ ਤਾਰੀਫ਼ ਹੋ ਰਹੀ ਹੈ। ਦੂਜੇ ਪਾਸੇ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਅਰੋੜਾ ਨੇ ਕਿਹਾ ਕਿ ਸੋਨੀ ਨੂੰ ‘ਆਪ’ ਦੀ ਦਿੱਲੀ ਸਰਕਾਰ ਤੋਂ ਸੇਧ ਲੈਂਦਿਆਂ ਸਿੱਖਿਆ ਪ੍ਰਣਾਲੀ ਵਿੱਚ ਨਵੀਆਂ ਤਕਨੀਕਾਂ ਲਾਗੂ ਕਰਨੀਆਂ ਚਾਹੀਦੀਆਂ ਹਨ। ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਵਾਂਗ ਗੰਭੀਰਤਾ ਨਾਲ ਕੰਮ ਕਰਨਾ ਚਾਹੀਦਾ ਹੈ।

ਅਰੋੜਾ ਨੇ ਕਿਹਾ ਕਿ ਜੇਕਰ ਸੋਨੀ ਚਾਹੁਣ ਤਾਂ ਉਹ ਉਨ੍ਹਾਂ ਨੂੰ ਦਿੱਲੀ ਦੀ ਯਾਤਰਾ ਕਰਵਾ ਕੇ ਉੱਥੋਂ ਦੇ ਸਰਕਾਰੀ ਸਕੂਲਾਂ ਵਿੱਚ ਹੋਈਆਂ ਤਬਦੀਲੀਆਂ ਦਿਖਾ ਸਕਦੇ ਹਨ। ਉਨ੍ਹਾਂ ਕਿਹਾ ਕਿ ਫ਼ਾਲਤੂ ਟਿੱਪਣੀਆਂ ਕਰਨ ਦੀ ਥਾਂ ਸੋਨੀ ਅਜਿਹੇ ਬਿੰਦੂਆਂ ਉੱਤੇ ਕੰਮ ਕਰਨ ਜਿਸ ਨਾਲ ਸਿੱਖਿਆ ਪ੍ਰਣਾਲੀ ਸੁਧਾਰੀ ਜਾ ਸਕੇ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕਰਦਿਆਂ ਕਿਹਾ ਕਿ ਉਹ ਸੋਨੀ ਤੋਂ ਵਿਭਾਗ ਵਾਪਸ ਲੈ ਕੇ ਕਿਸੇ ਪੜ੍ਹੇ ਲਿਖੇ ਮੰਤਰੀ ਨੂੰ ਸੌਂਪਣ ਜੋ ਮਨੀਸ਼ ਸਿਸੋਦੀਆ ਵਾਂਗ ਪੰਜਾਬ ਦੀ ਸਰਕਾਰੀ ਸਿੱਖਿਆ ਪ੍ਰਣਾਲੀ ਨੂੰ ਠੀਕ ਕਰਨ ਨਾ ਕਿ ਪ੍ਰਾਈਵੇਟ ਸਕੂਲ ਮਾਫ਼ੀਆ ਦਾ ਹੱਥ ਠੋਕਾ ਬਣ ਕੇ ਰਹਿ ਜਾਣ।

Source:AbpSanjha