ਕੈਪਟਨ ਦੇ ਸਮਾਰਟਫ਼ੋਨਾਂ ਬਦਲੇ ਸਜ਼ਾਯੋਗ ਸ਼ਰਤ ਦਾ ‘ਆਪ’ ਨੇ ਕੀਤਾ ਵਿਰੋਧ

Captain Amrinder Singh Smart Connect Free Smartphone

ਕੈਪਟਨ ਸਰਕਾਰ ਦੀ ਨੌਜਵਾਨਾਂ ਨੂੰ ਮੁਫ਼ਤ ਸਮਾਰਟਫ਼ੋਨ ਦੇਣ ਦੀ ਯੋਜਨਾ ਵਿੱਚ ਰੱਖੀਆਂ ਸ਼ਰਤਾਂ ‘ਤੇ ਆਮ ਆਦਮੀ ਪਾਰਟੀ ਨੇ ਸਵਾਲ ਚੁੱਕੇ ਹਨ। ‘ਆਪ’ ਯੂਥ ਵਿੰਗ ਦੇ ਇੰਚਾਰਜ ਤੇ ਬਰਨਾਲਾ ਦੇ ਵਿਧਾਇਕ ਮੀਤ ਹੇਅਰ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਨੌਜਵਾਨਾਂ ਨਾਲ ਧੋਖਾ ਕੀਤਾ ਹੈ।

ਹੇਅਰ ਨੇ ਕਿਹਾ ਕਿ ਨੌਜਵਾਨਾਂ ਨੂੰ ਮੋਬਾਈਲ ਫ਼ੋਨ ਦੇਣ ਲਈ ਹਲਫ਼ੀਆ ਬਿਆਨ ਦੀ ਮੰਗ ਕਰਨਾ ਅਤੇ ਖ਼ਾਮੀ ਹੋਣ ਦੀ ਸੂਰਤ ਵਿਚ ਸਜ਼ਾ ਦੀ ਸ਼ਰਤ ਸਰਕਾਰ ਦਾ ਆਪਣੇ ਵਾਅਦੇ ਤੋਂ ਮੁੱਕਰਨਾ ਬਿਆਨ ਕਰਦਾ ਹੈ। ‘ਆਪ’ ਵਿਧਾਇਕ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਨੌਜਵਾਨਾਂ ਨੂੰ ਫਾਰਮ ਭਰਵਾ ਕੇ ਮੋਬਾਈਲ ਫ਼ੋਨ ਦੇਣ ਦੇ ਵੱਡੇ ਵੱਡੇ ਵਾਅਦੇ ਕੀਤੇ ਗਏ ਹਨ, ਪਰੰਤੂ ਹੁਣ ਇਸ ਤੋਂ ਪਿੱਛੇ ਹੱਟ ਰਹੀ ਹੈ।

Hayer at Manis Sisodia residence

ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਨੌਜਵਾਨਾਂ ਨੂੰ ਨੌਕਰੀਆਂ ਦੇਣ ਅਤੇ ਅਜਿਹਾ ਨਾ ਹੋਣ ਦੀ ਸੂਰਤ ਵਿਚ ਬੇਰੁਜ਼ਗਾਰੀ ਭੱਤਾ ਦੇਣ ਦੇ ਵਾਅਦੇ ਵੀ ਹਵਾ ਹੋ ਚੁੱਕੇ ਹਨ। ਹੇਅਰ ਨੇ ਕਿਹਾ ਕਿ ਅਸਲ ਵਿਚ ਕੈਪਟਨ ਸਰਕਾਰ ਹਰ ਫ਼ਰੰਟ ‘ਤੇ ਫ਼ੇਲ੍ਹ ਹੋ ਚੁੱਕੀ ਹੈ ਅਤੇ ਪੰਜਾਬ ਦੇ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਉੱਤਰਨ ਵਿੱਚ ਅਸਫਲ ਹੋ ਰਹੀ ਹੈ।

ਹੇਅਰ ਨੇ ਕਿਹਾ ਕਿ ਇਸ ਤੋਂ ਪਹਿਲਾਂ ਸਰਕਾਰ ਕਿਸਾਨਾਂ ਨਾਲ ਕੀਤੇ ਪੂਰਾ ਕਰਜ਼ਾ ਮੁਆਫ਼ੀ ਦੇ ਵਾਅਦੇ ਤੋਂ ਵੀ ਪਲਟ ਗਈ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ ਤੋਂ ਬਾਅਦ ਕਿਸਾਨਾਂ ਦਾ ਕੋ-ਆਪਰੇਟਿਵ ਸੁਸਾਇਟੀਆਂ, ਸਰਕਾਰੀ ਬੈਂਕਾਂ ਅਤੇ ਨਿੱਜੀ ਬੈਂਕਾਂ ਦਾ ਕਰਜ਼ਾ ਮੁਆਫ਼ ਕੀਤਾ ਜਾਵੇਗਾ, ਪਰੰਤੂ ਹੁਣ ਇਸ ਸੰਬੰਧੀ ਹੋਰ ਸ਼ਰਤਾਂ ਲਗਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿਚ ਕਿਸਾਨ ਖੁਦਕੁਸ਼ੀਆਂ ਵਿਚ ਹੋਇਆ ਵਾਧਾ ਕੈਪਟਨ ਸਰਕਾਰ ਦੀ ਨਾਕਾਮੀ ਬਿਆਨ ਕਰਦੀ ਹੈ।

Source:AbpSanjha