‘ਆਪ’ ਵੱਲੋ ਵਿਧਾਇਕਾਂ ਲਈ ਕੈਪਟਨ ਤੋਂ 3-3 ਕਰੋੜ ਐਮਐਲਏ ਲੈਡ ਦੀ ਮੰਗ

aman arora

ਆਮ ਆਦਮੀ ਪਾਰਟੀ ਦੇ ਲੀਡਰ ਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਸਾਲਾਨਾ 3 ਕਰੋੜ ਐਮਐਲਏ ਲੈਡ ਮੰਗਿਆ ਹੈ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਐਮਪੀ ਲੈਡ ਦੀ ਤਰਜ਼ ‘ਤੇ ਪੰਜਾਬ ਦੇ ਵਿਧਾਇਕਾਂ ਨੂੰ ਸਾਲਾਨਾ 3 ਕਰੋੜ ਐਮਐਲਏ ਲੈਡ ਦੇਣ ਦੀ ਮੰਗ ਕੀਤੀ। ਅਰੋੜਾ ਨੇ ਕਿਹਾ ਕਿ ਐਮਪੀ/ਐਮਐਲਏ ਲੋਕਲ ਏਰੀਆ ਡਿਵੈਲਪਮੈਂਟ ਫ਼ੰਡ ਦਸੰਬਰ 1993 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਪੀਵੀ ਨਰਸਿਮ੍ਹਾ ਰਾਓ ਵੱਲੋਂ ਸ਼ੁਰੂ ਕੀਤੀ ਗਿਆ ਸੀ ਤਾਂ ਜੋ ਐਮਪੀ ਤੇ ਐਮਐਲਏ ਲੋਕਾਂ ਦੇ ਵਿਕਾਸ ਕਾਰਜ ਕਰਵਾ ਸਕਣ।

ਇਸੇ ਸਕੀਮ ਤਹਿਤ ਸੰਸਦ ਮੈਂਬਰ ਨੂੰ ਸਾਲਾਨਾ ਪੰਜ ਕਰੋੜ ਰੁਪਏ ਤੇ ਵੱਖ-ਵੱਖ ਰਾਜਾਂ ਵਿੱਚ 2 ਤੋਂ 4 ਕਰੋੜ ਰੁਪਏ ਸਾਲਾਨਾ ਆਪਣੇ ਹਲਕਿਆਂ ਦੇ ਵਿਕਾਸ ਕਾਰਜ ਕਰਵਾਉਣ ਲਈ ਮਿਲਦਾ ਹੈ। ਉੱਥੇ ਹੀ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਪੰਜਾਬ ਵਿੱਚ ਲੰਮੇ ਸਮੇਂ ਤੋਂ ਵਿਧਾਇਕਾਂ ਦੀ ਚੱਲੀ ਆ ਰਹੀ ਇਸ ਮੰਗ ਉੱਤੇ ਅਜੇ ਤੱਕ ਬੂਰ ਨਹੀਂ ਪਿਆ ਜਦਕਿ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੇ ਬੀਤੇ ਦਿਨੀਂ ਇਹ ਰਾਸ਼ੀ ਪ੍ਰਤੀ ਐਮਐਲਏ 4 ਕਰੋੜ ਤੋਂ ਵਾਧਾ ਕੇ 19 ਕਰੋੜ ਪ੍ਰਤੀ ਐਮਐਲਏ ਸਾਲਾਨਾ ਕਰ ਦਿੱਤੀ ਹੈ।

ਅੱਜ ਜਦੋਂ ਪੰਜਾਬ ਦੇ ਕਿਸੇ ਵੀ ਵਿਧਾਇਕ ਕੋਲ ਉਸ ਦੇ ਹਲਕੇ ਦੇ ਲੋਕ ਕਿਸੇ ਵਿਕਾਸ ਕਾਰਜ ਲਈ ਆਉਂਦੇ ਹਨ ਤਾਂ ਇਹ ਸੋਚ ਕੇ ਕਿ ਪਿੰਡ ਦੇ ਸਰਪੰਚ ਤੇ ਪੰਚਾਂ ਕੋਲ ਤਾਂ ਪੰਚਾਇਤੀ ਫ਼ੰਡਾਂ ਵਿੱਚੋਂ ਵਿਕਾਸ ਕਰਨ ਦਾ ਅਧਿਕਾਰ ਤਾਂ ਹੈ ਪਰ ਦੋ ਲੱਖ ਲੋਕਾਂ ਨੇ ਨੁਮਾਇੰਦੇ ਵਿਧਾਇਕ ਕੋਲ ਕੁਝ ਵੀ ਨਹੀਂ, ਤਾਂ ਬੜੀ ਬੇਬਸੀ ਤੇ ਮਾਯੂਸੀ ਮਹਿਸੂਸ ਹੁੰਦੀ ਹੈ। ਇੱਥੇ ਇੱਕ ਹੋਰ ਵੱਡਾ ਸਵਾਲ ਇਹ ਵੀ ਖੜ੍ਹਾ ਹੁੰਦਾ ਹੈ ਕਿ 1993 ਵਿੱਚ ਕਾਂਗਰਸ ਸਰਕਾਰ ਵੱਲੋਂ ਬਣਾਈ ਗਈ ਇਸ ਸਕੀਮ ਨੂੰ ਉਦੋਂ ਤੋ ਲੈ ਕੇ ਹੁਣ ਤੱਕ ਪੰਜਾਬ ਵਿੱਚ ਬਣੀਆਂ ਤਿੰਨ ਕਾਂਗਰਸ ਸਰਕਾਰਾਂ ਵੱਲੋਂ ਵੀ ਕਿਉਂ ਲਾਗੂ ਨਹੀਂ ਕੀਤਾ ਗਿਆ?

ਅਰੋੜਾ ਨੇ ਕਿਹਾ ਕਿ ਪਿਛਲੇ ਸਾਲ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਪ੍ਰਾਈਵੇਟ ਮੈਂਬਰ ਬਿੱਲ ਰਾਹੀਂ ਪ੍ਰਤੀ ਵਿਧਾਇਕ ਸਾਲਾਨਾ 3 ਕਰੋੜ ਦੇਣ ਦੀ ਮੰਗ ਕੀਤੀ ਸੀ ਜਿਸ ਸਬੰਧੀ ਤੁਸੀਂ ਉਸ ਸਮੇਂ ਖ਼ਜ਼ਾਨੇ ਦੀ ਨਾਸਾਜ਼ ਹਾਲਾਤ ਹੋਣ ਦਾ ਹਵਾਲਾ ਦੇ ਕੇ ਆਉਣ ਵਾਲੇ ਸਮੇਂ ਵਿਚ ਇਸ ਨੂੰ ਲਾਗੂ ਕਰਨ ਦਾ ਵਿਸ਼ਵਾਸ ਦਿਵਾਇਆ ਸੀ। ਉਨ੍ਹਾਂ ਕਿਹਾ ਕਿ ਥੋੜ੍ਹੇ ਦਿਨ ਪਹਿਲਾਂ ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਬਿਆਨ ਵਿਚ ਕਿਹਾ ਸੀ ਕਿ ਪੰਜਾਬ ਦੀ ਵਿੱਤੀ ਹਾਲਾਤ ਹੁਣ ਬਿਹਤਰ ਹੋ ਗਈ ਹੈ।

Source:AbpSanjha