ਫ਼ਤਿਹਗੜ ਸਾਹਿਬ, ਜਲੰਧਰ ਅਤੇ ਗੁਰਦਾਸਪੁਰ ਸੀਟ ਲਈ ‘ਆਪ’ ਨੇ ਐਲਾਨੇ ਆਪਣੇ ਉਮੀਦਵਾਰ

aap announce loksabha candidates for jalandhar gurdaspur and fatehgarh

ਆਮ ਆਦਮੀ ਪਾਰਟੀ (ਆਪ) ਪੰਜਾਬ ਦੀ ਸੂਬਾ ਕੋਰ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ ਬੁੱਧ ਰਾਮ ਤੇ ਸੂਬਾ ਪ੍ਰਧਾਨ ਭਗਵੰਤ ਮਾਨ ਦੀ ਅਗਵਾਈ ਹੇਠ ਹੋਈ ਕੋਰ ਕਮੇਟੀ ਦੀ ਮੀਟਿੰਗ ਵਿਚ 2019 ਦੀਆਂ ਲੋਕ ਸਭਾ ਚੋਣਾਂ ਦੇ ਉਮੀਦਵਾਰਾਂ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਉਪਰੰਤ ਪ੍ਰਿੰ. ਬੁੱਧ ਰਾਮ ਨੇ ਦੱਸਿਆ ਕਿ ਮੀਟਿੰਗ ਵਿੱਚ ਸ੍ਰੀ ਫ਼ਤਿਹਗੜ ਸਾਹਿਬ, ਜਲੰਧਰ ਅਤੇ ਗੁਰਦਾਸਪੁਰ ਲਈ ਉਮੀਦਵਾਰਾਂ ਦੀ ਚੋਣ ਕਰ ਲਈ ਗਈ ਹੈ। ਉਨਾਂ ਦੱਸਿਆ ਕਿ ਸ੍ਰੀ ਫਤਿਗਹੜ ਸਾਹਿਬ ਤੋਂ ਬਲਜਿੰਦਰ ਸਿੰਘ ਚੌਦਾਂ, ਜਲੰਧਰ ਤੋਂ ਜਸਟਿਸ ਜੋਰਾ ਸਿੰਘ ਅਤੇ ਗੁਰਦਾਸਪੁਰ ਤੋਂ ਪੀਟਰ ਮਸੀਹ ਚੀਦਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੋਣਗੇ।

ਸ੍ਰੀ ਫ਼ਤਿਹਗੜ ਸਾਹਿਬ ਤੋਂ ਐਲਾਨੇ ਗਏ ਉਮੀਦਵਾਰ ਬਲਜਿੰਦਰ ਸਿੰਘ ਚੌਦਾਂ ਆਮ ਆਦਮੀ ਪਾਰਟੀ ਦੇ 2014 ਤੋਂ ਇੱਕ ਸਰਗਰਮ ਵਲੰਟੀਅਰ ਵਜੋਂ ਕੰਮ ਕਰ ਰਹੇ ਹਨ। ਉਨ੍ਹਾਂ ਦੇ ਦਾਦਾ ਜੀ ਨੇ ਧਰਮ ਸੁਧਾਰ ਅੰਦੋਲਨ ਦੇ ਦੌਰਾਨ ਜੈਤੋ ਦੇ ਮੋਰਚੇ ਵਿੱਚ ਆਪਣੇ ਸਾਥੀਆਂ ਸਮੇਤ ਜੇਲ੍ਹ ਕੱਟੀ ਸੀ। ਚੌਦਾਂ ਇਸ ਸਮੇਂ ਖੰਨਾ, ਸਾਹਨੇਵਾਲ ਅਤੇ ਸਮਰਾਲਾ ਹਲਕਿਆਂ ਦੇ ਅਬਜ਼ਰਵਰ ਵਜੋਂ ਕੰਮ ਕਰ ਰਹੇ ਹਨ। ਉਹ ਖੰਨਾ, ਸਮਰਾਲਾ ਅਤੇ ਸਾਹਨੇਵਾਲ ਸੈਕਟਰ ਦੇ ਐਸ.ਸੀ ਵਿੰਗ ਦੇ ਇੰਚਾਰਜ ਵੀ ਹਨ। ਇਸ ਤੋਂ ਬਿਨਾ ਉਹ ਐਸ.ਸੀ/ਐਸਟੀ ਵਿੰਗ ਦੇ ਉਪ ਪ੍ਰਧਾਨ ਵਜੋਂ ਵੀ ਸੇਵਾਵਾਂ ਨਿਭਾ ਰਹੇ ਹਨ।

ਇਹ ਵੀ ਪੜ੍ਹੋ : ਬੀਜੇਪੀ ਨੇ ਲੋਕ ਸਭਾ ਚੋਣਾਂ ਲਈ 184 ਉਮੀਦਵਾਰਾਂ ਦਾ ਕੀਤਾ ਐਲਾਨ, ਸ਼ਾਹ ਗਾਂਧੀਨਗਰ ਤੇ ਮੋਦੀ ਵਾਰਾਣਸੀ ਤੋਂ ਲੜਨਗੇ ਚੋਣ

ਜਲੰਧਰ ਤੋਂ ਐਲਾਨੇ ਗਏ ਉਮੀਦਵਾਰ ਜਸਟਿਸ ਜੋਰਾ ਸਿੰਘ ਪਿਛਲੇ ਸਮੇਂ ਦੌਰਾਨ ਨਿਆਂ ਪਾਲਿਕਾ ਵਿੱਚ ਵੱਖ-ਵੱਖ ਅਹੁਦਿਆਂ ‘ਤੇ ਕੰਮ ਕਰ ਚੁੱਕੇ ਹਨ। ਉਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਜੱਜ ਵਜੋਂ ਵੀ ਆਪਣੀ ਸੇਵਾ ਨਿਭਾ ਚੁੱਕੇ ਹਨ। ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਲਈ ਬਣਾਈ ਗਈ ਕਮੇਟੀ ਦੇ ਚੇਅਰਮੈਨ ਸਨ। ਉਨ੍ਹਾਂ ਨੇ ਇਸ ਕੇਸ ਵਿੱਚ ਤੱਥਾਂ ਦੇ ਆਧਾਰ ‘ਤੇ ਆਪਣੀ ਰਿਪੋਰਟ ਪੇਸ਼ ਕੀਤੀ ਸੀ। 2018 ਵਿੱਚ ਉਹ ਆਮ ਆਦਮੀ ਪਾਰਟੀ ਨਾਲ ਜੁੜੇ।

ਗੁਰਦਾਸਪੁਰ ਤੋਂ ਉਮੀਦਵਾਰ ਪੀਟਰ ਮਸੀਹ ਚੀਦਾ ਇਸ ਸਮੇਂ ਆਮ ਆਦਮੀ ਪਾਰਟੀ ਦੇ ਹਲਕਾ ਫ਼ਤਿਹਗੜ ਚੂੜੀਆਂ ਦੇ ਹਲਕਾ ਇੰਚਾਰਜ ਵਜੋਂ ਸੇਵਾਵਾਂ ਨਿਭਾ ਰਹੇ ਹਨ। ਉਹ ਗੁਰਦਾਸਪੁਰ ਖੇਤਰ ਵਿਚ ਸਿੱਖਿਆ ਦੇ ਖੇਤਰ ਵਿਚ ਲੰਬੇ ਸਮੇਂ ਤੋਂ ਕਾਰਜ ਕਰਦੇ ਆ ਰਹੇ ਹਨ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਸੰਗਰੂਰ ਤੋਂ ਭਗਵੰਤ ਮਾਨ, ਫਰੀਦਕੋਟ ਤੋਂ ਪ੍ਰੋ. ਸਾਧੂ ਸਿੰਘ, ਅੰਮ੍ਰਿਤਸਰ ਤੋਂ ਕੁਲਦੀਪ ਸਿੰਘ ਧਾਲੀਵਾਲ, ਹੁਸ਼ਿਆਰਪੁਰ ਤੋਂ ਡਾ. ਰਵਜੋਤ ਸਿੰਘ ਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਨਰਿੰਦਰ ਸਿੰਘ ਸ਼ੇਰਗਿੱਲ ਨੂੰ ਆਪਣੇ ਉਮੀਦਵਾਰ ਐਲਾਨ ਚੁੱਕੀ ਹੈ। ਇਨ੍ਹਾਂ  ਨੂੰ ਮਿਲਾ ਕੇ ਹੁਣ ਤਕ ਪਾਰਟੀ ਕੁੱਲ 8 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਚੁੱਕੀ ਹੈ।

Source:AbpSanjha