‘ਅਕਾਲੀ ਦਲ’ ਤੇ ‘ਆਪ’ ਨੇ ਸੰਸਦ ‘ਚ ਆਲੂ ਵੇਚਣ ਵਾਲੇ ਕਾਂਗਰਸੀ ਐਮਪੀ ਨੂੰ ਸੁਣਾਈਆਂ ਖਰੀਆਂ-ਖਰੀਆਂ

Harsimrat Kaur Badal congress mp sunil jakhar and kultar sandhwan

ਬੀਤੇ ਦਿਨ ਸੰਸਦ ਭਵਨ ਦੇ ਬਾਹਰ ਆਲੂ-ਪਿਆਜ਼ ਵੇਚ ਕੇ ਕਿਸਾਨਾਂ ਦੀ ਮੰਦੀ ਹਾਲਤ ਬਾਰੇ ਕੇਂਦਰ ਸਰਕਾਰ ਵਿਰੁੱਧ ਪ੍ਰਦਰਸ਼ਨ ਕਰਨ ਵਾਲੇ ਕਾਂਗਰਸੀ ਸੰਸਦਾਂ ਨੂੰ ਤਿੱਖੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਂਗਰਸ ਦੇ ਸੰਸਦ ਮੈਂਬਰ ਸੁਨੀਲ ਜਾਖੜ, ਗੁਰਜੀਤ ਸਿੰਘ ਔਜਲਾ, ਚੌਧਰੀ ਸੰਤੋਖ ਸਿੰਘ ਅਤੇ ਰਵਨੀਤ ਬਿੱਟੂ ਦੁਆਰਾ ਆਲੂਆਂ ਦੇ ਮਾਮਲੇ ‘ਤੇ ਰਾਜਨੀਤੀ ਤੋਂ ਪ੍ਰੇਰਿਤ ਪ੍ਰਦਰਸ਼ਨ ਕਰਨ ਦੀ ਨਿਖੇਧੀ ਕੀਤੀ।

ਆਮ ਆਦਮੀ ਪਾਰਟੀ ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਤੇ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਕੇਂਦਰ ਵਿਚਲੀ ਅਕਾਲੀ-ਭਾਜਪਾ ਸਰਕਾਰ ਤੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਸੂਬੇ ਦੇ ਆਲੂ, ਕਿੰਨੂ ਅਤੇ ਹੋਰ ਫ਼ਸਲਾਂ ਦੇ ਕਾਸ਼ਤਕਾਰਾਂ ਪ੍ਰਤੀ ਮਤਰੇਆ ਵਿਵਹਾਰ ਲਈ ਬਰਾਬਰ ਜ਼ਿੰਮੇਵਾਰ ਹਨ। ਇਸੇ ਕਾਰਨ ਹੀ ਇਨ੍ਹਾਂ ਫ਼ਸਲਾਂ ਦੇ ਕਾਸ਼ਤਕਾਰਾਂ ਨੂੰ ਉਨ੍ਹਾਂ ਦੀ ਲਾਗਤ ਤੋਂ ਵੀ ਘੱਟ ਮੁੱਲ ‘ਤੇ ਫ਼ਸਲਾਂ ਵੇਚਣੀਆਂ ਪੈ ਰਹੀਆਂ ਹਨ। ਕੈਪਟਨ ਸਰਕਾਰ ‘ਤੇ ਇਲਜ਼ਾਮ ਲਗਾਉਂਦਿਆਂ ਸੰਧਵਾਂ ਨੇ ਕਿਹਾ ਕਿ ਕਿਸਾਨਾਂ ਕੋਲੋਂ ਘੱਟ ਮੁੱਲ ‘ਤੇ ਫ਼ਸਲ ਖ਼ਰੀਦ ਕੇ ਵਿਚੋਲੀਏ ਬਾਜ਼ਾਰ ਵਿਚ ਵਾਧੂ ਮੁਨਾਫ਼ਾ ਕਮਾ ਰਹੇ ਹਨ।

ਉੱਧਰ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਕਾਂਗਰਸੀ ਸੰਸਦ ਮੈਂਬਰਾਂ ਨੂੰ ਸੰਸਦ ਦੀ ਬਜਾਇ ਪੰਜਾਬ ਦੇ ਮੁੱਖ ਮੰਤਰੀ ਦੀ ਰਿਹਾਇਸ਼ ਦੇ ਬਾਹਰ ਆਲੂ ਵੇਚਣ ਦੀ ਸਲਾਹ ਦਿੱਤੀ।  ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਸਰਕਾਰ ਕਿਸਾਨਾਂ ਦੀ ਮਦਦ ਲਈ ਨਾ ਤਾਂ ਸਥਾਈ ਮੁੱਲ ਫੰਡ ਦੀ ਵਰਤੋਂ ਕਰ ਰਹੀ ਹੈ ਅਤੇ ਨਾ ਹੀ ਉਹਨਾਂ ਨੂੰ ਕਿਰਾਇਆ ਜਾਂ ਭੰਡਾਰਣ ਸਬਸਿਡੀ ਦੇ ਰਹੀ ਹੈ। ਹਰਸਿਮਰਤ ਬਾਦਲ ਨੇ ਦੋਸ਼ ਲਾਇਆ ਕਿ ਕਾਂਗਰਸ ਸਰਕਾਰ ਫੂਡ ਪ੍ਰੋਸੈਸਿੰਗ ਮੰਤਰਾਲੇ ਦੀਆਂ ਸਕੀਮਾਂ ਦਾ ਲਾਹਾ ਨਹੀਂ ਲੈ ਰਹੀ ਹੈ ਅਤੇ ਲਾਡੋਵਾਲੀ ਫੂਡ ਪਾਰਕ ਦੇ ਉਦਘਾਟਨ ਨੂੰ ਜਾਣ ਬੁੱਝ ਕੇ ਲਟਕਾ ਰਹੀ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ਦੀ ਤਰਜ਼ ਉੱਤੇ ਆਲੂ ਉਤਪਾਦਕਾਂ ਲਈ ਕਿਰਾਇਆ ਅਤੇ ਭੰਡਾਰਣ ਸਬਸਿਡੀਆਂ ਸ਼ੁਰੂ ਕਰ ਸਕਦੀ ਹੈ ਜਾਂ ਸਰਕਾਰ ਛੇ ਤੋਂ ਅੱਠ ਰੁਪਏ ਪ੍ਰਤੀ ਕਿੱਲੋ ਤਿਆਰ ਹੋਏ ਆਲੂ ਨੂੰ ਮਜਬੂਰ ਹੋ ਕੇ ਤਿੰਨ ਰੁਪਏ ਕਿੱਲੋ ਵੇਚਣ ਤੋਂ ਰੋਕਣ ਲਈ ਮਿਡ ਡੇਅ ਮੀਲ ਤੇ ਆਟਾ ਦਾਲ ਸਕੀਮ ਆਦਿ ਵਾਸਤੇ ਆਲੂ ਖਰੀਦ ਸਕਦੀ ਹੈ।

Source:AbpSanjha