ਲੋਕ ਸਭਾ ਚੋਣਾਂ ਸਬੰਧੀ ਕੇਜਰੀਵਾਲ ਨੇ ਕੀਤੀ ਪਾਰਟੀ ਮੀਟਿੰਗ , ਉਮੀਦਵਾਰਾਂ ਦੇ ਨਾਵਾਂ ‘ਤੇ ਨਹੀਂ ਬਣੀ ਸਹਿਮਤੀ

Bhagwant mann manish sisodia harpal cheema

ਲੋਕ ਸਭਾ ਚੋਣਾਂ ਸਬੰਧੀ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਪੰਜਾਬ ਦੀ ਇਕਾਈ ਨੇ ਮੁਲਾਕਾਤ ਕੀਤੀ। ਇਸ ਬੈਠਕ ਦੌਰਾਨ ਪਾਰਟੀ ਵਿੱਚ ਪੰਜਾਬ ਦੇ ਰਹਿੰਦੇ ਲੋਕ ਸਭਾ ਉਮੀਦਵਾਰਾਂ ਦੇ ਨਾਵਾਂ ‘ਤੇ ਵੀ ਸਹਿਮਤੀ ਨਹੀਂ ਬਣੀ ਜਾਪਦੀ ਹੈ। ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਦੱਸਿਆ ਕਿ ਬੈਠਕ ਵਿੱਚ ਚਰਚਾ ਹੋਈ ਅਤੇ ਅਗਲੇ ਹਫ਼ਤੇ ਤਕ ਬਾਕੀ ਉਮੀਦਵਾਰਾਂ ਦੇ ਨਾਂਅ ਐਲਾਨ ਦਿੱਤੇ ਜਾਣਗੇ।

ਬੈਠਕ ਮਗਰੋਂ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਕੈਪਟਨ ਸਰਕਾਰ ਨੂੰ ਘੇਰਨ ਲਈ ਵਿਉਂਤਬੰਦੀ ਕਰ ਲਈ ਹੈ। ‘ਆਪ’ ਬਿਜਲੀ ਦਰਾਂ ਦੇ ਮੁੱਦੇ ‘ਤੇ ਕੈਪਟਨ ਸਰਕਾਰ ਵਿਰੁੱਧ ਮੁਹਿੰਮ ਵਿੱਢੇਗੀ। ਕੌਮੀ ਕਨਵੀਨਰ ਨਾਲ ਮੁਲਾਕਾਤ ਮਗਰੋਂ ਭਗਵੰਤ ਮਾਨ ਨੇ ਕੈਪਟਨ ਸਰਕਾਰ ਨੂੰ ਬਿਜਲੀ ਦੇ ਮੁੱਦੇ ਦੇ ਨਾਲ-ਨਾਲ ਹੋਰ ਮਸਲਿਆਂ ‘ਤੇ ਘੇਰਨ ਦਾ ਐਲਾਨ ਕੀਤਾ। ਮਾਨ ਨੇ ਕਿਹਾ ਕਿ ਜੇਕਰ ਪੰਜਾਬ ਦੀ ਕਾਂਗਰਸ ਸਰਕਾਰ ਨੇ ਆਉਂਦੇ 20 ਦਿਨਾਂ ਤਕ ਬਿਜਲੀ ਦਰਾਂ ਬਾਰੇ ਫੈਸਲਾ ਨਾ ਕੀਤਾ ਤਾਂ ਉਹ ਵੱਡਾ ਅੰਦੋਲਨ ਚਲਾਉਣਗੇ।

ਅੱਜ ਦੀ ਬੈਠਕ ਵਿੱਚ ਪਾਰਟੀ ਦੇ ਐਨਆਰਆਈ ਵਿੰਗ ਦੇ ਪੰਜਾਬ ਪ੍ਰਧਾਨ ਵਜੋਂ ਵਿਧਾਇਕ ਜੈ ਕਿਸ਼ਨ ਰੋੜੀ ਨੂੰ ਲਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਆਉਂਦੇ ਦਿਨਾਂ ਵਿੱਚ ਪੰਜਾਬ ਇਕਾਈ ਪ੍ਰੋਗਰਾਮ ਬਣਾ ਕੇ ਕੇਜਰੀਵਾਲ ਨੂੰ ਭੇਜੇਗੀ ਤੇ ਉਸੇ ਹਿਸਾਬ ਨਾਲ ਸੂਬੇ ਵਿੱਚ ਚੋਣ ਰੈਲੀਆਂ ਕੀਤੀਆਂ ਜਾਣਗੀਆਂ।

Source:AbpSanjha