ਨਵੇਂ ਵਰ੍ਹੇ ਮੌਕੇ ਪੰਜ ਤੋਂ ਛੇ ਲੱਖ ਸੰਗਤ ਪਹੁੰਚੀ ਸ੍ਰੀ ਹਰਿਮੰਦਰ ਸਾਹਿਬ

golden temple

ਅੰਮ੍ਰਿਤਸਰ: ਨਵੇਂ ਸਾਲ ਦੀ ਆਮਦ ਮੌਕੇ ਪੰਜ ਤੋਂ ਛੇ ਲੱਖ ਸੰਗਤ ਨੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ। ਨਵੇਂ ਵਰ੍ਹੇ 2019 ਨੂੰ ਜੀ ਆਇਆਂ ਕਹਿਣ ਤੇ ਪਰਿਵਾਰ ਦੀ ਸੁੱਖ ਸ਼ਾਂਤੀ ਲਈ ਅਰਦਾਸ ਕਰਨ ਦੇਸ਼-ਵਿਦੇਸ਼ ਤੋਂ ਸੰਗਤ ਪਹੁੰਚੀ। ਸੰਗਤ ਨੇ ਵਧੇਰੇ ਸਮਾਂ ਗੁਰੂ ਘਰ ਦੀ ਪਰਿਕਰਮਾ ਵਿੱਚ ਹੀ ਬਿਤਾਇਆ, ਜਿੱਥੇ ਉਨ੍ਹਾਂ ਸਾਲ 2018 ਨੂੰ ਅਲਵਿਦਾ ਆਖਿਆ ਤੇ ਨਵੇਂ ਵਰ੍ਹੇ ਨੂੰ ਖੁਸ਼ਆਮਦੀਦ ਕਿਹਾ।

ਸ਼੍ਰੋਮਣੀ ਕਮੇਟੀ ਦੇ ਅੰਦਾਜ਼ੇ ਮੁਤਾਬਕ ਨਵੇਂ ਵਰ੍ਹੇ ਨੂੰ ਜੀ ਆਇਆਂ ਕਹਿਣ ਲਈ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪੁੱਜੀ ਸੰਗਤ ਦੀ ਗਿਣਤੀ ਦੋ ਦਿਨਾਂ ਵਿੱਚ ਲਗਪਗ ਪੰਜ ਲੱਖ ਤੋਂ ਵੱਧ ਰਹੀ ਹੈ। ਸੰਗਤ ਦੀ ਵੱਡੀ ਗਿਣਤੀ ਆਮਦ ਕਾਰਨ ਇੱਥੇ ਸ੍ਰੀ ਹਰਿਮੰਦਰ ਸਾਹਿਬ ਦੀਆਂ ਸਰਾਵਾਂ ਤੇ ਨੇੜਲੇ ਹੋਟਲਾਂ, ਗੈਸਟ ਹਾਊਸ ਆਦਿ ਵਿੱਚ ਵੀ ਕਮਰੇ ਪੂਰੀ ਤਰ੍ਹਾਂ ਬੁੱਕ ਸਨ। ਪਰਿਕਰਮਾ ਵਿੱਚ ਖਾਸ ਕਰ ਕੇ ਸ੍ਰੀ ਅਕਾਲ ਤਖ਼ਤ ਦੇ ਸਾਹਮਣੇ ਤਾਂ ਖੜ੍ਹੇ ਹੋਣ ਲਈ ਵੀ ਥਾਂ ਨਹੀਂ ਸੀ।

ਇਸੇ ਤਰ੍ਹਾਂ ਪਾਰਕਿੰਗ ਦੀਆਂ ਥਾਵਾਂ ਵੀ ਪੂਰੀ ਤਰ੍ਹਾਂ ਭਰ ਗਈਆਂ ਸਨ ਤੇ ਕਾਰਾਂ ਦੀਆਂ ਕਤਾਰਾਂ ਦੋ ਕਿਲੋਮੀਟਰ ਦੂਰ ਤੱਕ ਲੱਗੀਆਂ ਹੋਈਆਂ ਸਨ। ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਨੇ ਦੱਸਿਆ ਕਿ ਦੋ ਦਿਨਾਂ ਵਿੱਚ ਪੰਜ ਤੋਂ ਛੇ ਲੱਖ ਸੰਗਤ ਨੇ ਮੱਥਾ ਟੇਕਿਆ ਹੈ। ਇਹ ਸੰਗਤ ਦੇਸ਼-ਵਿਦੇਸ਼ ਤੇ ਭਾਰਤ ਦੇ ਕਈ ਸ਼ਹਿਰਾਂ ਤੋਂ ਪੁੱਜੀ ਸੀ। ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਰਾਮਦਾਸ ਲੰਗਰ ਘਰ ਵਿੱਚ ਇਨ੍ਹਾਂ ਦਿਨਾਂ ਦੌਰਾਨ ਡੇਢ ਗੁਣਾ ਵੱਧ ਰਾਸ਼ਨ ਪਕਾਇਆ ਗਿਆ ਹੈ।

Source:AbpSanjha