ਫ਼ੌਜ ਵਿੱਚ ਭਰਤੀ ਦੀ ਧੋਖਾਧੜ੍ਹੀ ਆਈ ਸਾਹਮਣੇ , ਲੁਧਿਆਣਾ ‘ਚ 35 ਫ਼ੌਜੀਆਂ ‘ਤੇ ਕੇਸ ਦਰਜ

Indian Army

ਫ਼ੌਜ ਵਿੱਚ ਵੱਡੀ ਭਰਤੀ ਧੋਖਾਧੜ੍ਹੀ ਸਾਹਮਣੇ ਆਈ ਹੈ, ਜਿਸ ਮਗਰੋਂ 35 ਫ਼ੌਜੀਆਂ ‘ਤੇ ਡਵੀਜ਼ਨ ਨੰਬਰ ਪੰਜ ਥਾਣੇ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ। ਇਹ ਫ਼ੌਜੀ ਉਹ ਹਨ ਜਿਨ੍ਹਾਂ ਨੇ ਫਰਜ਼ੀ ਕਾਗ਼ਜ਼ਾਤਾਂ ਦੇ ਆਧਾਰ ‘ਤੇ ਨੌਕਰੀ ਹਾਸਲ ਕੀਤੀ ਹੈ।

ਪੰਜਾਬ ਦੇ ਕੰਢੀ ਖੇਤਰ ਦੇ ਵਸਨੀਕਾਂ ਨੂੰ ਫ਼ੌਜ ਵਿੱਚ ਭਰਤੀ ਲਈ ਕੁਝ ਰਿਆਇਤ ਮਿਲਦੀ ਹੈ। ਇਸ ਦਾ ਕਈ ਉਮੀਦਵਾਰਾਂ ਨੇ ਲਾਭ ਉਠਾਇਆ ਤੇ ਕਈ ਉਨ੍ਹਾਂ ਦੀ ਸਹਾਇਤਾ ਨਾਲ ਨੌਕਰੀ ਲੈਣ ਵਿੱਚ ਸਫਲ ਵੀ ਹੋ ਗਏ। ਫਰਜ਼ੀ ਦਸਤਾਵੇਜ਼ਾਂ ਦੇ ਆਧਾਰ ‘ਤੇ ਕਈ ਉਮੀਦਵਾਰਾਂ ਸਿੱਖ ਰੈਜੀਮੈਂਟ ਵਿੱਚ ਭਰਤੀ ਵੀ ਹੋ ਗਏ।

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੂਲ ਰੂਪ ਵਿੱਚ ਹਰਿਆਣਾ ਨਾਲ ਸਬੰਧ ਰੱਖਣ ਵਾਲੇ ਤਕਰੀਬਨ 35 ਨੌਜਵਾਨਾਂ ਨੇ ਖ਼ੁਦ ਨੂੰ ਕੰਢੀ ਖੇਤਰ ਦਾ ਵਾਸੀ ਦੱਸਦਿਆਂ ਫ਼ੌਜ ਦੀ ਨੌਕਰੀ ਹਾਸਲ ਕੀਤੀ ਸੀ। ਕੰਢੀ ਖੇਤਰ ਦੇ ਵਸਨੀਕਾਂ ਨੂੰ ਕੱਦ ਵਿੱਚ ਰਿਆਇਤ ਹਾਸਲ ਹੈ। ਉਨ੍ਹਾਂ ਪੰਜਾਬ ਦੇ ਰਿਹਾਇਸ਼ੀ ਪੱਤਰ ਬਣਾਏ ਤੇ ਨੌਕਰੀ ਹਾਸਲ ਕੀਤੀ।

ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਰੂਪਨਗਰ ਪੁਲਿਸ ਨੇ ਇਸ ਗਰੋਹ ਦਾ ਪਰਦਾਫਾਸ਼ ਕੀਤਾ ਸੀ, ਜਿਸ ਮਗਰੋਂ ਅੱਗੇ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਇਸ ਗਰੋਹ ਦਾ ਸਰਗਨਾ ਯੋਗੇਸ਼ ਲੁਧਿਆਣਾ ਦਾ ਰਹਿਣ ਵਾਲਾ ਸੀ ਜਿਸ ‘ਤੇ ਇਹ ਭਰਤੀਆਂ ਸਾਲ 2017 ਤੇ 2018 ਦੌਰਾਨ ਕਰਵਾਉਣ ਦਾ ਇਲਜ਼ਾਮ ਹੈ। ਪੁਲਿਸ ਹੁਣ ਇਸ ਸਬੰਧੀ 35 ਜਣਿਆਂ ‘ਤੇ ਕੇਸ ਦਰਜ ਕਰ ਅੱਗੇ ਦੀ ਕਾਰਵਾਈ ਸ਼ੁਰੂ ਕਰ ਲਈ ਹੈ।

Source:AbpSanjha