ਮੀਂਹ ਨੇ ਮਚਾਈ ਤਬਾਹੀ, ਹਜ਼ਾਰਾਂ ਏਕੜ ਫ਼ਸਲ ਤਬਾਹ

Heavy Rain

ਪੰਜਾਬ ਵਿੱਚ ਕੁੱਝ ਦਿਨ ਪਹਿਲਾ ਸਾਰੇ ਲੋਕ ਮੌਨਸੂਨ ਨੂੰ ਉਡੀਕ ਰਹੇ ਸਨ। ਪਰ ਜਦੋ ਆਈ ਤਾਂ ਆਪਣੇ ਨਾਲ ਤਬਾਹੀ ਲੈ ਕੇ ਆਈ। ਖ਼ਬਰ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੀ ਹੈ। ਮੀਂਹ ਦੇ ਜਿਆਦਾ ਪੈਣ ਕਰਕੇ ਫਰੀਦਕੋਟ ਦੇ ਪਿੰਡਾਂ ਦੀ ਲਗਪਗ 27 ਹਜ਼ਾਰ ਏਕੜ ਦੇ ਕਰੀਬ ਫਸਲ ਮੀਂਹ ਦੇ ਪਾਣੀ ਵਿੱਚ ਡੁੱਬ ਚੁੱਕੀ ਹੈ। ਇੱਥੇ ਇਕ ਵਾਰ ਫਿਰ ਪ੍ਰਸਾਸ਼ਨ ਦੀ ਅਣਗਹਿਲੀ ਵੇਖਣ ਨੂੰ ਮਿਲ ਰਹੀ ਹੈ। ਕਿਸਾਨ ਖ਼ੁਦ ਆਪਣੀ ਫਸਲ ਨੂੰ ਬਚਾਉਣ ਲਈ ਖੇਤਾਂ ਚੋਂ ਪਾਣੀ ਕੱਢਣ ਲਈ ਡਟੇ ਹੋਏ ਹਨ।

ਜਾਣਕਾਰੀ ਅਨੁਸਾਰ ਫ਼ਰੀਦਕੋਟ ਦੇ ਗੋਲੇਵਾਲਾ ਇਲਾਕੇ ਦੇ ਪਿੰਡ ਘੋਨੀ ਵਾਲਾ ਦੇ ਕਿਸਾਨਾਂ ਨੇ ਦੱਸਿਆ ਹੈ ਕਿ ਇੱਥੇ ਹਰ ਸਾਲ ਮੀਂਹ ਜਿਆਦਾ ਪੈਣ ਕਰਕੇ ਘੱਟੋ – ਘੱਟ ਹਜ਼ਾਰ ਏਕੜ ਫ਼ਸਲ ਹਰ ਸਾਲ ਬਰਬਾਦ ਹੁੰਦੀ ਹੈ। ਬਰਬਾਦ ਹੋਈ ਫ਼ਸਲ ਦਾ ਕਿਸਾਨਾਂ ਨੂੰ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਕੋਈ ਮੁਆਵਜ਼ਾ ਨਹੀਂ ਮਿਲਦਾ। ਇਹ ਵੀ ਸੁਨਣ ਨੂੰ ਮਿਲਿਆ ਕਿ ਸਾਡੇ ਇਲਾਕੇ ਵੱਲ ਪ੍ਰਸ਼ਾਸਨ ਬਿਲਕੁਲ ਵੀ ਧਿਆਨ ਨਹੀਂ ਦੇ ਰਹੀ।

ਕਿਸਾਨਾਂ ਦਾ ਕਹਿਣਾ ਹੈ ਕਿ ਸਾਡੇ ਖੇਤਾਂ ‘ਚ ਮੀਂਹ ਜਿਆਦਾ ਪੈਣ ਕਾਰਨ 3-3 ਫੁੱਟ ਪਾਣੀ ਖੜਾ ਹੈ ਤੇ ਡਰੇਨ ‘ਚ ਲੱਗੀਆ ਪਾਈਪਾਂ ਵੀ ਪਾਣੀ ਕੱਢਣ ਵਿੱਚ ਨਾਕਾਮ ਹਨ। ਕਿਸਾਨਾਂ ਨੇ ਮੰਗ ਕੀਤੀ ਹੈ ਕਿ ਸਰਕਾਰ ਨੂੰ ਉਨ੍ਹਾਂ ਦੀ ਫਸਲ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਬਰਬਾਦ ਹੋਈ ਫ਼ਸਲ ਦਾ ਬਣਦਾ ਮੁਆਵਜ਼ਾ ਦੇਣਾ ਚਾਹੀਦਾ ਹੈ।

ਇਹ ਵੀ ਪੜ੍ਹੋ: ਬੁੱਢਾ ਦਿਖਾਉਣ ਵਾਲੇ ਫੇਸ ਐਪ ਤੋਂ ਹੋ ਜਾਓ ਸਾਵਧਾਨ, ਤੁਹਾਡਾ ਡਾਟਾ ਹੋ ਰਿਹਾ ਹੈ ਲੀਕ !

ਇਸ ਮਾਮਲੇ ਬਾਰੇ ਜਦੋਂ ਜ਼ਿਲੇ ਦੇ ਡਿਪਟੀ ਕਮਿਸ਼ਨਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਫ਼ਰੀਦਕੋਟ ਦੀ ਕਰੀਬ 27000 ਏਕੜ ਫਸਲ ਪਾਣੀ ਦੀ ਮਾਰ ਹੇਠ ਆਈ ਹੈ। ਉਹ ਲਗਤਾਰ ਟੀਮਾਂ ਬਣਾ ਪਿੰਡਾਂ ਦਾ ਦੌਰਾ ਕਰ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਜਿਸ ਤਰਾਂ ਦੀ ਵੀ ਮਦਦ ਦੀ ਲੋੜ ਹੈ, ਪ੍ਰਾਸ਼ਸਨ ਉਨ੍ਹਾਂ ਨੂੰ ਮੁਹੱਈਆ ਕਰਵਾ ਰਿਹਾ ਹੈ।