ਜ਼ੀਕਾ ਵਾਇਰਸ: ਕੇਰਲ ਤੋਂ ਸ਼ੁਰੂ ਹੋਕੇ ਮਹਾਰਾਸ਼ਟਰ ਤੱਕ ਪਹੁੰਚਿਆ ਜ਼ੀਕਾ ਵਾਇਰਸ ਕੀ ਹੈ ਤੇ ਕੀ ਹੈ ਇਸ ਦਾ ਬਚਾਅ

Zika Virus

ਮਹਾਰਾਸ਼ਟਰ ਦੇ ਪੂਣੇ ਜ਼ਿਲ੍ਹੇ ਵਿਚ ਜ਼ੀਕਾ ਵਾਇਰਸ ਦਾ ਇੱਕ ਨਵਾਂ ਕੇਸ ਸਾਹਮਣੇ ਆਇਆ ਹੈ। ਇਹ ਸੂਬੇ ਦਾ ਪਹਿਲਾ ਕੇਸ ਹੈ।

50 ਸਾਲਾ ਔਰਤ ਜੋ ਜ਼ੀਕਾ ਵਾਇਰਸ ਨਾਲ ਪੀੜ੍ਹਤ ਪਾਈ ਗਈ ਹੈ, ਉਹ ਬਾਲੇਸਰ ਹੈਲਥ ਸੈਂਟਰ ਵਿਚ ਇਲਾਜ ਕਰਵਾ ਰਹੀ ਸੀ। ਇਸ ਔਰਤ ਨੂੰ ਪਹਿਲਾਂ ਚਿਕਨਗੁਨੀਆਂ ਹੋਇਆ ਸੀ।

ਜੁਲਾਈ ਦੇ ਦੂਜੇ ਹਫ਼ਤੇ ਕੇਰਲਾ ਵਿਚ ਜ਼ੀਕਾ ਵਾਇਰਸ ਦੇ 14 ਮਾਮਲੇ ਸਾਹਮਣੇ ਆਏ ਸਨ। ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੋਲੌਜੀ, ਪੂਣੇ ਨੇ ਕੇਰਲਾ ਵਿਚ ਜ਼ੀਕਾ ਵਾਇਰਸ ਦੀ ਪੁਸ਼ਟੀ ਕੀਤੀ ਸੀ।

ਜ਼ੀਕਾ ਵਾਇਰਸ ਮੱਛਰ ਨਾਲ ਫੈਲਦਾ ਹੈ, ਇਹ ਮੱਛਰ ਡੇਂਗੂ ਅਤੇ ਚਿਕਨਗੁਨੀਆਂ ਦਾ ਕਾਰਨ ਬਣਦਾ ਹੈ। ਮੱਛਰ ਤੋਂ ਪੈਦਾ ਹੋਣ ਵਾਲਾ ਵਿਸ਼ਾਣੂ ਬੱਚਿਆਂ ਵਿੱਚ ਸੁੰਗੜੇ ਦਿਮਾਗਾਂ ਅਤੇ ਗੁਆਈਲਿਆਨ-ਬੈਰੇ ਸਿੰਡਰੋਮ ਨਾਮ ਦੀ ਇੱਕ ਦੁਰਲੱਭ ਆਟੋ-ਇਮਿਊਨ ਬਿਮਾਰੀ ਨਾਲ ਜੁੜਿਆ ਹੈ।

ਹਾਲਾਂਕਿ ਇਹ ਵਾਇਰਸ ਜ਼ਿਆਦਾਤਰ ਮੱਛਰਾਂ ਤੋਂ ਫੈਲਦਾ ਹੈ, ਪਰ ਇਹ ਸਰੀਰਕ ਸਬੰਧਾਂ ਰਾਹੀਂ ਵੀ ਫੈਲ ਸਕਦਾ ਹੈ। ਕੇਰਲਾ ਵਿਚ ਸਾਰੇ ਹੀ ਨਵੇਂ ਮਾਮਲੇ ਜ਼ਿਲ੍ਹੇ ਦੇ ਸਿਹਤ ਕਰਮਚਾਰੀਆਂ ਵਿੱਚ ਸਾਹਮਣੇ ਆਏ ਸਨ ।

ਜ਼ੀਕਾ ਵਾਇਰਸ ਕੀ ਹੈ?

ਜ਼ੀਕਾ ਵਾਇਰਸ ਗਰਮ ਦੇਸਾਂ ਵਿੱਚ ਇੱਕ ਮੱਛਰਾਂ ਤੋਂ ਫ਼ੈਲਣ ਵਾਲੀ ਬਿਮਾਰੀ ਹੈ। NIMHANS ਵਿੱਚ ਨਿਊਰੋਵਾਇਰੋਲੋਜੀ ਦੇ ਸਾਬਕਾ ਪ੍ਰੋਫੈਸਰ ਡਾ. ਵੀ ਰਵੀ ਨੇ ਦੱਸਿਆ, “ਮੱਛਰ ਦੇ ਕੱਟਣ ਦੇ ਇੱਕ ਹਫਤੇ ਤੱਕ ਲੱਛਣ ਦਿਖ ਸਕਦੇ ਹਨ। ਕਈ ਬਾਲਗ ਲੋਕਾਂ ਵਿੱਚ ਨਿਊਰੋਲੋਜਿਕਲ ਡਿਸਆਰਡਰ ਯਾਨੀ ਦਿਮਾਗ ਸਬੰਧੀ ਸਮੱਸਿਆਵਾਂ ਆ ਸਕਦੀਆਂ ਹਨ। ਇਹ ਇੱਕ ਆਟੋ-ਇਮਿਊਨ ਡਿਸੀਜ਼ ਹੈ।”

“ਇਸ ਵਿੱਚ ਸਰੀਰ ਆਪਣੇ ਹੀ ਨਰਵਸ ਸਿਸਟਮ ‘ਤੇ ਹਮਲਾ ਕਰਦਾ ਹੈ। ਇਸ ਨਾਲ ਅਧਰੰਗ, ਸਰੀਰ ਦੇ ਹੇਠਲੇ ਅੰਗਾਂ ਦੇ ਹਿਲਣ ਡੁਲਣ ਵਿੱਚ ਸਮੱਸਿਆ ਆ ਸਕਦੀ ਹੈ।”

ਜ਼ੀਕਾ ਵਾਇਰਸ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ?

ਪੂਰੀ ਦੁਨੀਆਂ ਦੇ ਡਾਕਟਰ ਇਸ ਸਮੱਸਿਆ ਦੇ ਹੱਲ ਲਈ ਕੋਸ਼ਿਸ਼ਾਂ ਕਰ ਰਹੇ ਹਨ। ਉਹ ਲੋਕਾਂ ਦੀ ਮਦਦ ਲਈ ਇਸ ਦਾ ਇਲਾਜ ਵੀ ਲੱਭ ਰਹੇ ਹਨ। ਇੱਕ ਰਾਇ ਹੈ ਕਿ ਜ਼ਿੰਮੇਵਾਰ ਮੱਛਰ ਨੂੰ ਮਾਰਨ ਨਾਲ ਬਿਮਾਰੀ ਦੀ ਰੋਕਥਾਮ ਵਿੱਚ ਮਦਦ ਮਿਲੇਗੀ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ