“ਜਦ ਸਾਰੇ ਧਾਰਮਿਕ ਸਥਾਨ ਖੁਲ੍ਹ ਸਕਦੇ ਹਨ ਤਾਂ ਕਰਤਾਰਪੁਰ ਲਾਂਘਾ ਕਿਓਂ ਨਹੀਂ”?

Why-not-the-Kartarpur-route-when-all-religious-places-can-open

ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਬੰਦ ਕਰਨ ਦੇ ਇਕ ਸਾਲ ਪੂਰਾ ਹੋਣ ’ਤੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕੇਂਦਰ ਸਰਕਾਰ ਤੋਂ ਲਾਂਘੇ ਨੂੰ ਤੁਰੰਤ ਖੋਲ੍ਹਣ ਦੀ ਮੰਗ ਕੀਤੀ ਹੈ। ਇੱਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਨੂੰ ਦੇਖਦਿਆਂ ਸਰਕਾਰ ਨੇ 16 ਮਾਰਚ 2020 ਨੂੰ ਕਰਤਾਰਪੁਰ ਸਾਹਿਬ ਕੋਰੀਡੋਰ ਨੂੰ ਸੰਗਤਾਂ ਲਈ ਬੰਦ ਕਰ ਦਿੱਤਾ ਸੀ।

ਫਿਰ ਕੋਰੋਨਾ ਦੇ ਠੰਡੇ ਪੈਣ ਦੇ ਨਾਲ ਹੀ ਕੁਝ ਮਹੀਨਿਆਂ ਉਪਰੰਤ ਪਾਕਿਸਤਾਨ ਸਰਕਾਰ ਨੇ ਤਾਂ ਕੋਰੀਡੋਰ ਖੋਲ੍ਹਣ ਦਾ ਐਲਾਨ ਕਰ ਦਿੱਤਾ ਪਰ ਲਾਂਘੇ ਨੂੰ ਬੰਦ ਹੋਣ ਦੇ ਇਕ ਸਾਲ ਬਾਅਦ ਵੀ ਹਿੰਦੁਸਤਾਨ ਸਰਕਾਰ ਨੇ ਲਾਂਘੇ ਨੂੰ ਖੋਲ੍ਹਣ ਦਾ ਯਤਨ ਨਹੀਂ ਕੀਤਾ।

ਸਿੰਘ ਸਾਹਿਬ ਨੇ ਕਿਹਾ ਕਿ ਲਾਂਘਾ ਨਾ ਖੋਲ੍ਹਣ ਪਿੱਛੇ ਕੇਂਦਰ ਸਰਕਾਰ ਦੀ ਕੀ ਨੀਤੀ ਜਾਂ ਬਦਨੀਤੀ ਹੈ ਇਸ ਬਾਰੇ ਤਾਂ ਪਤਾ ਨਹੀਂ ਪਰ ਹੁਣ ਜਦੋਂ ਸਮੁੱਚੇ ਦੇਸ਼ ਅੰਦਰ ਧਾਰਮਿਕ ਅਸਥਾਨ ਖੁੱਲ ਗਏ ਹਨ ਅਤੇ ਦੇਸ਼ ਦੇ ਲੋਕ ਆਪੋ ਆਪਣੇ ਧਰਮਾਂ ਅਨੁਸਾਰ ਆਪਣੇ ਤਿੱਥ ਤਿਓਹਾਰ ਮਨਾ ਰਹੇ ਹਨ ਤਾਂ ਕਰਤਾਰਪੁਰ ਸਾਹਿਬ ਦਾ ਲਾਂਘਾ ਵੀ ਸਰਕਾਰ ਨੂੰ ਖੋਲ ਦੇਣਾ ਚਾਹੀਦਾ ਹੈ ਭਾਂਵੇ ਸਰਕਾਰ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਹਰ ਰੋਜ਼ 50 ਜਾਂ 100 ਸਿਖਾਂ ਨੂੰ ਹੀ ਕਰਤਾਰਪੁਰ ਸਾਹਿਬ ਦਰਸ਼ਨਾਂ ਲਈ ਜਾਣ ਦੀ ਹੀ ਇਜ਼ਾਜ਼ਤ ਦੇਵੇ ਪਰ ਹੁਣ ਲਾਂਘਾ ਖੋਲ੍ਹਣ ਦਾ ਐਲਾਨ ਜਰੂਰ ਕਰੇ ਤਾਂਕਿ ਸਿੱਖ ਆਪਣੇ ਪਾਵਨ ਧਾਰਮਿਕ ਅਸਥਾਨ ਤੇ ਸਿਜਦਾ ਕਰ ਸਕਣ।