ਪੱਤਰਕਾਰ ਦੇ ਕਤਲ ਮਾਮਲੇ ‘ਚ ਰਾਮ ਰਹੀਮ ਤੇ ਫੈਸਲੇ ਤੋਂ ਪਹਿਲਾਂ ਪੰਜਾਬ ਤੇ ਹਰਿਆਣਾ ਚ’ ਸੁਰੱਖਿਆ ਬੇਹੱਦ ਸਖ਼ਤ

security beefed up in punjab and haryana

ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਵਿਰੁੱਧ ਜਾਰੀ ਪੱਤਰਕਾਰ ਰਾਮਚੰਦਰ ਛੱਤਰਪਤੀ ਦੇ ਕਤਲ ਮਾਮਲੇ ਵਿੱਚ ਫੈਸਲਾ ਕੁਝ ਹੀ ਦੇਰ ਵਿੱਚ ਆ ਸਕਦਾ ਹੈ। ਪੰਚਕੂਲਾ ਸਥਿਤ ਹਰਿਆਣਾ ਦੀ ਸੀਬੀਆਈ ਅਦਾਲਤ ਨੇ ਫੈਸਲਾ ਸੁਣਾਉਣਾ ਹੈ। ਇਸ ਫੈਸਲੇ ਤੋਂ ਪਹਿਲਾਂ ਪੰਜਾਬ ਤੇ ਹਰਿਆਣਾ ਵਿੱਚ ਪੁਲਿਸ ਨੇ ਸੁਰੱਖਿਆ ਵਧਾ ਦਿੱਤੀ ਹੈ।

ਹਰਿਆਣਾ ਦੇ ਪੰਚਕੂਲਾ, ਡੇਰੇ ਦੇ ਹੈੱਡਕੁਆਟਰ ਯਾਨੀ ਸਿਰਸਾ ਤੇ ਰੋਹਤਕ ਜ਼ਿਲ੍ਹਿਆਂ ਵਿੱਚ ਸੁਰੱਖਿਆ ਬੇਹੱਦ ਸਖ਼ਤ ਕਰ ਦਿੱਤੀ ਗਈ ਹੈ। ਪੰਚਕੂਲਾ ਅਦਾਲਤ ਵੱਲ ਜਾਂਦੇ ਰਸਤਿਆਂ ਨੂੰ ਬੈਰੀਕੇਡ ਲਾ ਕੇ ਬੰਦ ਕਰ ਦਿੱਤਾ ਗਿਆ ਹੈ ਤੇ ਸਿਰਫ਼ ਜ਼ਰੂਰੀ ਕੰਮ ‘ਤੇ ਅਦਾਲਤ ਜਾਣ ਵਾਲੇ ਲੋਕਾਂ ਨੂੰ ਹੀ ਅੱਗੇ ਲੰਘਣ ਦਿੱਤਾ ਜਾ ਰਿਹਾ ਹੈ। ਪਿਛਲੀ ਵਾਰ ਤੋਂ ਸਬਕ ਸਿੱਖ ਹਰਿਆਣਾ ਪੁਲਿਸ ਜਨਤਕ ਥਾਵਾਂ ‘ਤੇ ਬੇਮਤਲਬ ਲੋਕਾਂ ਦੀ ਭੀੜ ਇਕੱਠੀ ਨਹੀਂ ਹੋਣ ਦਿੱਤੀ ਜਾ ਰਹੀ।

ਉੱਧਰ, ਸੀਬੀਆਈ ਅਦਾਲਤ ਦੇ ਫੈਸਲੇ ਦੇ ਮੱਦੇਨਜ਼ਰ ਪੰਜਾਬ ਪੁਲਿਸ ਨੇ ਵੀ ਅਲਰਟ ਜਾਰੀ ਕੀਤਾ ਹੋਇਆ ਹੈ। ਇਸ ਦੇ ਤਹਿਤ ਸੰਵੇਦਨਸ਼ੀਲ ਮੰਨੇ ਜਾਣ ਵਾਲੇ ਮਾਲਵਾ ਖੇਤਰ ਲਈ ਪੁਲਿਸ 25 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਬਠਿੰਡਾ ਰੇਂਜ ਅਧੀਨ ਪੈਂਦੇ ਬਠਿੰਡਾ ਤੇ ਮਾਨਸਾ ਜ਼ਿਲ੍ਹੇ ਨੂੰ ਅੱਤ ਸੰਵੇਦਨਸ਼ੀਲ ਮੰਨਦਿਆਂ ਕਰੀਬ 15 ਕੰਪਨੀਆਂ ਦੇ 1200 ਜਵਾਨ ਤਾਇਨਾਤ ਕੀਤੇ ਗਏ ਹਨ। ਫ਼ਿਰੋਜ਼ਪੁਰ ਅਧੀਨ ਮੋਗਾ, ਫ਼ਰੀਦਕੋਟ, ਫ਼ਾਜ਼ਿਲਕਾ ਤੇ ਫ਼ਿਰੋਜ਼ਪੁਰ ਵਿੱਚ 10 ਕੰਪਨੀਆਂ ਦੇ ਕਰੀਬ 700 ਹੋਰ ਸੁਰੱਖਿਆ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਸਾਧਵੀਆਂ ਵੱਲੋਂ ਬਲਾਤਕਾਰੀ ਬਾਬੇ ਖਿਲਾਫ ਲਿਖੀ ਚਿੱਠੀ ਅਖ਼ਬਾਰ ‘ਚ ਛਾਪੀ , ਮਗਰੋਂ ਪੱਤਰਕਾਰ ਦਾ ਹੋ ਗਿਆ ਸੀ ਕਤਲ

ਇਨ੍ਹਾਂ ਵਿੱਚ ਸਭ ਤੋਂ ਜ਼ਿਆਦਾ ਸੰਵੇਦਨਸ਼ੀਲ ਜੈਤੋ, ਕੋਟਕਪੁਰਾ, ਮੋਗਾ ਤੇ ਬਾਘਾਪੁਰਾਣਾ ਹਨ। ਇੱਥੇ ਸਭ ਤੋਂ ਜ਼ਿਆਦਾ ਪੁਲਿਸ ਕਰਮੀ ਤਾਇਨਾਤ ਕੀਤੇ ਗਏ ਹਨ। ਬਰਨਾਲਾ ਵਿੱਚ 150 ਦੇ ਕਰੀਬ ਵਾਧੂ ਪੁਲਿਸ ਬਲ ਤਾਇਨਾਤ ਹਨ। ਨਾਮਚਰਚਾ ਘਰਾਂ ਦੀ ਸੁਰੱਖਿਆ ਨੂੰ ਵੇਖਦਿਆਂ ਬਰਨਾਲਾ ਦੇ ਬਾਜਾਖਾਨਾ ਰੋਡ ਤੇ ਧਨੌਲਾ ਰੋਡ ’ਤੇ ਬਣੇ ਨਾਮਚਰਚਾ ਘਰਾਂ ਦੇ ਬਾਹਰ 50-50 ਪੁਲਿਸ ਜਵਾਨ ਤਾਇਨਾਤ ਕੀਤੇ ਗਏ ਹਨ।

ਜ਼ਿਕਰਯੋਗ ਹੈ ਕਿ ਗੁਰਮੀਤ ਰਾਮ ਰਹੀਮ ਨੂੰ ਦੋ ਸਾਧਵੀਆਂ ਨਾਲ ਬਲਾਤਕਾਰ ਦੇ ਮਾਮਲੇ ਵਿੱਚ 10-10 ਸਾਲ ਦੀ ਵੱਖ-ਵੱਖ ਯਾਨੀ ਕਿ ਕੁੱਲ 20 ਸਾਲ ਦੀ ਕੈਦ ਮਿਲੀ ਹੈ। 25 ਅਗਸਤ 2017 ਨੂੰ ਡੇਰਾ ਮੁਖੀ ਨੂੰ ਬਲਾਤਕਾਰ ਦਾ ਦੋਸ਼ੀ ਐਲਾਨੇ ਜਾਣ ਮਗਰੋਂ ਵੱਡੇ ਪੱਧਰ ‘ਤੇ ਹਿੰਸਾ ਭੜਕ ਗਈ ਸੀ। ਪੰਜਾਬ ਦੇ ਮਾਲਵਾ ਖੇਤਰ ‘ਚ ਸਭ ਤੋਂ ਜ਼ਿਆਦਾ ਹਿੰਸਾ ਸਮੇਤ ਕੁੱਲ 34 ਥਾਵਾਂ ’ਤੇ ਹਿੰਸਕ ਵਾਰਦਾਤਾਂ ਹੋਈਆਂ ਸਨ। ਇਸ ਦੌਰਾਨ ਫ਼ੌਜੀ ਤੇ ਪੁਲਿਸ ਕਾਰਵਾਈ ਵੀ ਹੋਈ ਜਿਸ ਵਿੱਚ 43 ਲੋਕਾਂ ਦੀ ਮੌਤ ਹੋ ਗਈ ਸੀ। ਹੁਣ ਪੁਲਿਸ ਨੇ ਅਜਿਹੀ ਹਾਲਤ ਤੋਂ ਬਚਣ ਲਈ ਬੰਦੋਬਸਤ ਮੁਕੰਮਲ ਕੀਤੇ ਹਨ ਤੇ ਕਈ ਥਾਈਂ ਧਾਰਾ 144 ਵੀ ਲਾਗੂ ਕੀਤੀ ਗਈ ਹੈ।

Source:AbpSanjha