ਸਿੱਖ ਆਗੂ ਭੁਪਿੰਦਰ ਸਿੰਘ ਹਾਲੈਂਡ ਨੂੰ ਕਿਸਾਨ ਅੰਦੋਲਨ ਦੇ ਬਹਾਨੇ ਨਾਲ ਦਿੱਲੀ ਹਵਾਈ ਅੱਡੇ ਤੋਂ ਭੇਜਿਆ ਵਾਪਸ

Sikh-leader-Bhupinder-Singh-Holland-sent-back-from-Delhi-airport

ਪਹਿਲੇ ਤੇ ਦੂਜੇ ਸੰਸਾਰ ਯੁੱਧ ‘ਚ ਸਿੱਖ ਫੌਜੀਆਂ ਦੀ ਦੇਣ ਸਬੰਧੀ ਕਿਤਾਬਾਂ ਦੇ ਲੇਖਕ ਸਿੱਖ ਆਗੂ ਭੁਪਿੰਦਰ ਸਿੰਘ ਹਾਲੈਂਡ ਜੋ ਕਿ ਹਾਲੈਂਡ ਦੇ ਨਾਗਰਿਕ ਹਨ, ਕੇ.ਐੱਲ.ਐੱਮ. ਏਅਰਲਾਈਨ ਦੇ ਜਹਾਜ਼ ਰਾਹੀਂ 17 ਫਰਵਰੀ ਨੂੰ ਅੰਤਰਰਾਸ਼ਟਰੀ ਹਵਾਈ ਅੱਡੇ ਦਿੱਲੀ ਪਹੁੰਚੇ ਤਾਂ ਉਨ੍ਹਾਂ ਨੂੰ 28 ਘੰਟਿਆਂ ਬਾਅਦ 18 ਫਰਵਰੀ ਨੂੰ ਐਮਸਟਰਡਮ ਵਾਪਸ ਭੇਜ ਦਿੱਤਾ ਗਿਆ।

ਭੁਪਿੰਦਰ ਸਿੰਘ ਨੇ ਦੱਸਿਆ ਕਿ ਉਨਾਂ ਕੋਲ ਭਾਰਤੀ ਦੂਤਘਰ ਵਲੋਂ ਸਾਰੇ ਕਾਗਜ਼ਾਤ ਮੁਕੰਮਲ ਸਨ ਤੇ ਭਾਰਤ ਦਾ ਵੀਜ਼ਾ 2024 ਤੱਕ ਹੈ। ਕੋਰੋਨਾ ਸਬੰਧੀ ਰਿਪੋਰਟ ਵੀ ਨੈਗੇਟਿਵ ਸੀ। ਉਨ੍ਹਾਂ ਦੱਸਿਆ ਕਿ ਮੈਨੂੰ ਇਕ ਕਮਰੇ ‘ਚ ਵੱਖਰਾ ਲਿਜਾਇਆ ਗਿਆ, ਜਿਥੇ ਸਬੰਧਿਤ ਅਧਿਕਾਰੀਆਂ ਨੇ ਪਹਿਲਾਂ ਇਹ ਸਵਾਲ ਕੀਤਾ ਕਿ ਕਿਸਾਨ ਅੰਦੋਲਨ ਦੇ ਚੱਲਦਿਆਂ ਤੁਸੀਂ ਕਿਉਂ ਆਏ ਹੋ ? ਦੂਜਾ ਸਵਾਲ ਕਿ ਇਥੇ ਕੋਰੋਨਾ ਲਾਗ ਦਾ ਖ਼ਤਰਾ ਹੈ।

ਤੁਸੀਂ ਵਿਦੇਸ਼ਾਂ ਵਿਚ ਕਿਸਾਨ ਅੰਦੋਲਨ ਸਬੰਧੀ ਮੁਜ਼ਾਹਰੇ ਕਰ ਰਹੇ ਹੋ। ਅਧਿਕਾਰੀ ਇਹ ਵੀ ਪੁੱਛ ਰਹੇ ਸਨ ਕਿ ਵਿਦੇਸ਼ੀ ਸਰਕਾਰਾਂ ਦੇ ਕਿਸਾਨ ਅੰਦੋਲਨ ਸਬੰਧੀ ਕਿਹੋ ਜਿਹੇ ਵਿਚਾਰ ਹਨ।

ਭੁਪਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ 28 ਘੰਟੇ ਸਿਰਫ਼ ਇਕ ਕੁਰਸੀ ‘ਤੇ ਹੀ ਬਿਠਾਈ ਰੱਖਿਆ ਜਦ ਕਿ ਉਹ ਦਿਲ ਤੇ ਸ਼ੂਗਰ ਦੀ ਬੀਮਾਰੀ ਤੋਂ ਪੀੜਤ ਹਨ। ਸਾਰਾ ਸਮਾਂ ਖਾਣ ਵਾਸਤੇ ਕੁਝ ਨਾ ਦਿੱਤਾ ਗਿਆ, ਸਿਰਫ਼ ਫਿੱਕੀ ਚਾਹ ‘ਤੇ ਸਮਾਂ ਲੰਘਿਆ। ਅਧਿਕਾਰੀਆਂ ਦਾ ਵਰਤਾਓ ਰੁੱਖਾ ਅਤੇ ਨਿੰਦਣਯੋਗ ਸੀ। ਭੁਪਿੰਦਰ ਸਿੰਘ ਨੂੰ ਵਾਪਸ ਭੇਜਣ ‘ਤੇ ਵੱਖ ਵੱਖ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਭਾਰਤ ਸਰਕਾਰ ਦੇ ਇਸ ਵਰਤਾਓ ਦੀ ਕਰੜੇ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਹੈ ਕਿ ਇਹ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ