ਕਾਂਗਰਸ ’ਚ ਸ਼ਾਮਲ ਹੋਣ ਤੋਂ ਇਨਕਾਰ ਕਰ ਰਹੀ ਸਪਨਾ ਚੌਧਰੀ ਦਾ ਝੂਠ ਹੋਇਆ ਬੇਪਰਦਾ, ਇਹ ਰਹੇ ਸਬੂਤ

sapna choudhary

ਹਰਿਆਣਾ ਦੀ ਮਕਬੂਲ ਡਾਂਸਰ ਤੇ ਗਾਇਕਾ ਸਪਨਾ ਚੌਧਰੀ ਨੇ ਐਤਵਾਰ ਨੂੰ ਕਾਂਗਰਸ ਵਿੱਚ ਸ਼ਾਮਲ ਹੋਣ ਦੀਆਂ ਖ਼ਬਰਾਂ ਦਾ ਖੰਡਨ ਕਰ ਦਿੱਤਾ ਹੈ ਪਰ ਕੱਲ੍ਹ ਸਪਨਾ ਚੌਧਰੀ ਨੇ ਖ਼ੁਦ ਅਧਿਕਾਰਿਤ ਤੌਰ ’ਤੇ ਕਾਂਗਰਸ ਦੀ ਮੈਂਬਰਸ਼ਿਪ ਲਈ ਸੀ। ਬੀਤੇ ਦਿਨ ਉੱਤਰ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜ ਬੱਬਰ ਨੇ ਵੀ ਰਾਤ 12 ਵਜੇ ਟਵੀਟ ਕਰਕੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਸੀ। ਸਪਨਾ ਚੌਧਰੀ ਦੀ ਕਾਂਗਰਸ ਦੀ ਮੈਂਬਰਸ਼ਿਪ ਹਾਸਲ ਕਰਨ ਵਾਲੀ ਪਰਚੀ ਵੀ ਹੈ ਜਿਸ ਤੋਂ ਸਾਬਤ ਹੁੰਦਾ ਹੈ ਕਿ ਉਸ ਨੇ ਕਾਂਗਰਸ ਦੀ ਮੈਂਬਰਸ਼ਿਪ ਲਈ ਸੀ।

ਰਾਜ ਬੱਬਰ ਦੇ ਸਹਿਯੋਗੀ ਤੇ ਯੂਪੀ ਕਾਂਗਰਸ ਦੇ ਸੰਗਠਨ ਮੰਤਰੀ ਨਰੇਂਦਰ ਰਾਠੀ ਨੇ ਦੱਸਿਆ ਕਿ ਸਪਨਾ ਨੇ 23 ਮਾਰਚ ਦੀ ਸ਼ਾਮ ਨੂੰ ਆਪਣੀ ਭੈਣ ਨਾਲ ਕਾਂਗਰਸ ਦੀ ਮੈਂਬਰਸ਼ਿਪ ਲਈ ਸੀ। ਪਰ ਹੁਣ ਸਪਨਾ ਨੇ ਪਲਟਦਿਆਂ ‘ਨੋ ਕੁਮੈਂਟਸ’ ਆਖ ਦਿੱਤਾ ਹੈ।

ਸਪਨਾ ਨੇ ਉੱਤਰ ਪ੍ਰਦੇਸ਼ ਕਾਂਗਰਸ ਕਮੇਟੀ ਦਾ ਫਾਰਮ ਭਰ ਕੇ ਕਾਂਗਰਸ ਦੀ ਮੈਂਬਰਸ਼ਿਪ ਲਈ ਸੀ। ਕਾਂਗਰਸ ਲੀਡਰ ਨਰੇਂਦਰ ਰਾਠੀ ਨੇ ਸਪਨਾ ਨੂੰ ਕਾਂਗਰਸ ਜੁਆਇਨ ਕਰਵਾਈ ਸੀ। ਪਰ ਅੱਜ ਉਸ ਨੇ ਰਾਜ ਬੱਬਰ ਨਾਲ ਮਿਲਣ ਦੀ ਖ਼ਬਰ ਤੋਂ ਵੀ ਇਨਕਾਰ ਕਰ ਦਿੱਤਾ ਹੈ। ਹਾਲੇ ਤਕ ਇਹ ਪਤਾ ਨਹੀਂ ਲੱਗਾ ਕਿ ਉਸ ਨੇ ਕਾਂਗਰਸ ਵਿੱਚ ਸ਼ਾਮਲ ਹੋਣ ਵਾਲੀ ਗੱਲ ਤੋਂ ਇਨਕਾਰ ਕਿਉਂ ਕੀਤਾ ਹੈ।

ਇਹ ਵੀ ਪੜ੍ਹੋ : ਹੋਲੀ ਤੇ ਟੀਵੀ ਅਦਾਕਾਰਾ ਦੀ ਕਾਰ ‘ਤੇ ਸ਼ਰਾਬੀਆਂ ਨੇ ਕੀਤਾ ਹਮਲਾ, ਚੱਪਲਾਂ ਨਾਲ ਕੁੱਟ ਕੇ ਭਜਾਏ ਸ਼ਰਾਬੀ

ਅੱਜ ਸਪਨਾ ਨੇ ਖਬਰਾਂ ਵਿੱਚ ਉਸ ਦੇ ਕਾਂਗਰਸ ’ਚ ਸ਼ਾਮਲ ਹੋਣ ਦਾ ਦਾਅਵਾ ਕਰਨ ਵਾਲੀਆਂ ਸਾਰੀਆਂ ਤਸਵੀਰਾਂ ਨੂੰ ਪੁਰਾਣੀਆਂ ਤਸਵੀਰਾਂ ਦੱਸਿਆ। ਉਸ ਨੇ ਇਹ ਵੀ ਕਿਹਾ ਕਿ ਉਹ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਦਾ ਪ੍ਰਚਾਰ ਨਹੀਂ ਕਰੇਗੀ। ਉਸ ਨੇ ਕਿਹਾ ਕਿ ਉਹ ਆਪਣੇ ਕੰਮ ਵਿੱਚ ਬੇਹੱਦ ਮਸਰੂਫ ਹੈ। ਇਸ ਲਈ ਹਾਲੇ ਕਿਸੇ ਸਿਆਸੀ ਪਾਰਟੀ ਵਿੱਚ ਸ਼ਾਮਲ ਨਹੀਂ ਹੋਏਗੀ।

Source:AbpSanjha