ਮੰਦਰ ’ਚ ਮੁਸਲਿਮ ਬੱਚੇ ਨੂੰ ਪਾਣੀ ਦੇਣ ਤੋਂ ਇਨਕਾਰ, ਸ਼ਿਵ ਸੈਨਾ ਨੇ ਪੁੱਛਿਆ ਇਹ ਕਿਹੋ ਜਿਹਾ ‘ਰਾਮਰਾਜ’

Refusal-to-give-water-to-Muslim-child-in-temple

ਮਹਾਰਾਸ਼ਟਰ ’ਚ ਜਿੱਥੇ ਐਂਟੀਲੀਆ ਕੇਸ ਤੇ ਹੁਣ ਮੁੰਬਈ ਦੇ ਸਾਬਕਾ ਪੁਲਿਸ ਕਮਿਸ਼ਨਰ ਪਰਮਬੀਰ ਸਿੰਘ ਦੀ ਚਿੱਠੀ ਉੱਤੇ ਹੰਗਾਮਾ ਖੜ੍ਹਾ ਹੋ ਚੁੱਕਾ ਹੈ, ਉੱਥੇ ਸ਼ਿਵ ਸੈਨਾ ਨੇ ਆਪਣੇ ਅਖ਼ਬਾਰ ‘ਸਾਮਨਾ’ ’ਚ ਕੇਂਦਰ ਦੀ ਭਾਜਪਾ ਸਰਕਾਰ ਉੱਤੇ ਸੁਆਲ ਉਠਾ ਦਿੱਤੇ ਹਨ। ਸ਼ਿਵ ਸੈਨਾ ਨੇ ਕਿਹਾ ਹੈ ਕਿ ‘ਉੱਤਰ ਪ੍ਰਦੇਸ਼ ਦੇ ਇੱਕ ਮੰਦਰ ਵਿੱਚ ਪਿਆਸੇ ਮੁਸਲਿਮ ਬੱਚੇ ਨੂੰ ਪਾਣੀ ਦੇਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ। ਇਹ ਕਿਹੋ ਜਿਹਾ ਰਾਮਰਾਜ ਹੈ? ਜਿੱਥੇ ਪਾਣੀ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ, ਉਸ ਮੰਦਰ ਵਿੱਚ ਈਸ਼ਵਰ ਦਾ ਨਿਵਾਸ ਨਹੀਂ ਹੋਣਾ ਚਾਹੀਦਾ।’

ਸ਼ਿਵ ਸੈਨਾ ਨੇ ਕਿਹਾ ਹੈ ਕਿ ਉੱਤਰ ਪ੍ਰਦੇਸ਼ ਦੇ ਗ਼ਾਜ਼ੀਆਬਾਦ ’ਚ ਜੋ ਵੀ ਹੋਇਆ, ਇਹ ਝੰਜੋੜ ਕੇ ਰੱਖ ਦੇਣ ਵਾਲਾ ਹੈ। ਮੰਦਰ ’ਚ ਪਾਣੀ ਪੀਣ ਬਦਲੇ ਬੱਚੇ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ। ਫਿਰ ਜਾਣਬੁੱਝ ਕੇ ਉਸ ਦਾ ਵੀਡੀਓ ਵੀ ਵਾਇਰਲ ਕੀਤਾ ਗਿਆ। ਬੱਚੇ ਦਾ ਗੁਨਾਹ ਇਹ ਸੀ ਕਿ ਉਹ ਪਿਆਸਾ ਹੋਣ ਕਾਰਨ ਪਿਆਸ ਬੁਝਾਉਣ ਲਈ ਮੁਸਲਿਮ ਹੋਣ ਦੇ ਬਾਵਜੂਦ ਮੰਦਰ ’ਚ ਗਿਆ। ਉਸ ਮੰਦਰ ਦੇ ਬਾਹਰ ਬੋਰਡ ਲੱਗਾ ਹੋਇਆ ਹੈ- ਇਸ ਮੰਦਰ ਵਿੱਚ ਮੁਸਲਿਮ ਦਾਖ਼ਲ ਨਹੀਂ ਹੋ ਸਕਦੇ।

ਸ਼ਿਵ ਸੈਨਾ ਨੇ ਸੁਆਲ ਕੀਤਾ- ਕਿਸ ਹਿੰਦੂ ਧਰਮ ਦੀ ਨੁਮਾਇੰਦਗੀ ਅਸੀਂ ਕਰ ਰਹੇ ਹਾਂ? ਸਹਿਣਸ਼ੀਲਤਾ ਹਿੰਦੂ ਧਰਮ ਦਾ ਸਭ ਤੋਂ ਵੱਡਾ ਅਲੰਕਾਰ ਹੈ। ਤਦ ਇਹ ਅਲੰਕਾਰ ਨਕਲੀ ਸਿੱਧ ਹੁੰਦਾ ਹੈ, ਜਦੋਂ ‘ਲਵ ਜੇਹਾਦ’ ਦੇ ਵਿਰੋਧ ਵਿੱਚ ਮਾਹੌਲ ਤਿਆਰ ਕੀਤਾ ਜਾਂਦਾ ਹੈ, ਗਊਮਾਸ ਦੇ ਨਾਂ ਉੱਤੇ ਹਿੰਸਾ ਕੀਤੀ ਜਾਂਦੀ ਹੈ।

ਪੱਛਮੀ ਬੰਗਾਲ ਵਿੱਚ ਮਮਤਾ ਬੈਨਰਜੀ ‘ਜੈ ਸ਼੍ਰੀਰਾਮ’ ਦਾ ਨਾਅਰਾ ਨਹੀਂ ਦਿੰਦੇ, ਤਾਂ ਉਨ੍ਹਾਂ ਨੂੰ ਹਿੰਦੂ ਵਿਰੋਧੀ ਕਰਾਰ ਦੇ ਦਿੱਤਾ ਜਾਂਦਾ ਹੈ ਪਰ ਹਿੰਦੂ ਮੰਦਰ ਵਿੱਚ ਪਿਆਸੇ ਨੂੰ ਪਾਣੀ ਦੇਣ ਤੋਂ ਇਨਕਾਰ ਕਰਨਾ ਓਨਾ ਹੀ ਹਿੰਦੂ ਵਿਰੋਧੀ ਹੈ।

ਸ਼ਿਵ ਸੈਨਾ ਨੇ ਇਹ ਵੀ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਂਝ ਤਾਂ ਪਾਕਿਸਤਾਨ ਨੂੰ ਕੋਵਿਡ ਵੈਕਸੀਨ ਦੇ ਕੇ ਮਨੁੱਖਤਾ ਵਿਖਾ ਰਹੇ ਹਨ ਪਰ ਇੱਧਰ ਮੰਦਰ ਵਿੱਚ ਬੱਚੇ ਨੂੰ ਪਾਣੀ ਨਹੀਂ ਦਿੱਤਾ ਜਾਂਦਾ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ