ਕਤਲ ਦੇ ਦੋਸ਼ ਵਿੱਚ ਤਾ-ਉਮਰ ਜੇਲ੍ਹ ‘ਚ ਰਹੇਗਾ ਗੁਰਮੀਤ ਰਾਮ ਰਹੀਮ

ram rahim in jail

ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਪੱਤਰਕਾਰ ਰਾਮ ਚੰਦਰ ਛੱਤਰਪਤੀ ਦੇ ਕਤਲ ਦੇ ਦੋਸ਼ ਵਿੱਚ ਤਾ-ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਹਾਲਾਂਕਿ, ਸੀਬੀਆਈ ਦੇ ਵਕੀਲਾਂ ਨੇ ਮੌਤ ਦੀ ਸਜ਼ਾ ਦੀ ਮੰਗ ਕੀਤੀ ਸੀ ਪਰ ਬਚਾਅ ਪੱਖ ਦੇ ਵਕੀਲਾਂ ਨੇ ਸਜ਼ਾ ਘੱਟ ਕਰਨ ਦੀ ਅਪੀਲ ਕੀਤੀ ਸੀ।

ਸੀਬੀਆਈ ਦੇ ਵਿਸ਼ੇਸ਼ ਜੱਜ ਜਗਦੀਪ ਸਿੰਘ ਵੱਲੋਂ ਸਜ਼ਾ ਸੁਣਾਉਣ ਸਮੇਂ ਅਦਾਲਤ ਵਿੱਚ ਮਰਹੂਮ ਪੱਤਰਕਾਰ ਰਾਮ ਚੰਦਰ ਛੱਤਰਪਤੀ ਦੇ ਪੁੱਤਰ ਅੰਸ਼ੁਲ ਤੇ ਪੁੱਤਰੀ ਸ਼੍ਰੇਅਸੀ ਵੀ ਮੌਜੂਦ ਸੀ। ਇਨ੍ਹਾਂ ਦੇ ਨਾਲ ਕੇਸ ਦੇ ਅਹਿਮ ਗਵਾਹ ਤੇ ਰਾਮ ਰਹੀਮ ਦੇ ਸਾਬਕਾ ਡਰਾਈਵਰ ਖੱਟਾ ਸਿੰਘ ਵੀ ਮੌਜੂਦ ਸੀ। ਰਾਮ ਰਹੀਮ ਸਮੇਤ ਚਾਰ ਦੋਸ਼ੀ ਵੀਡੀਓ ਕਾਨਫ਼ਰੰਸਿੰਗ ਰਾਹੀਂ ਕਾਰਵਾਈ ਵਿੱਚ ਸ਼ਾਮਲ ਹੋਏ ਸਨ। ਸ਼੍ਰੇਅਸੀ ਨੇ ਵੀ ਅਦਾਲਤ ਨੂੰ ਸਖ਼ਤ ਸਜ਼ਾ ਦੀ ਅਪੀਲ ਕੀਤੀ ਸੀ, ਕਿਉਂਕਿ ਰਾਮ ਰਹੀਮ ਕਰਕੇ ਉਨ੍ਹਾਂ ਦੇ ਪਰਿਵਾਰ ਨੂੰ ਬੇਹੱਦ ਮੁਸ਼ਕਲਾਂ ਵਿੱਚੋਂ ਗੁਜ਼ਰਨਾ ਪਿਆ ਹੈ। ਚਾਰ ਵਜੇ ਤੋਂ ਕੁਝ ਸਮਾਂ ਪਹਿਲਾਂ ਹੀ ਪੱਤਰਕਾਰ ਰਾਮ ਚੰਦਰ ਛੱਤਰਪਤੀ ਦੇ ਕਤਲ ਮਾਮਲੇ ਵਿੱਚ ਬਹਿਸ ਪੂਰੀ ਹੋ ਗਈ ਸੀ ਤੇ ਸ਼ਾਮ 6:20 ਵਜੇ ‘ਤੇ ਸਜ਼ਾ ਦਾ ਐਲਾਨ ਹੋਣ ਦੀ ਖ਼ਬਰ ਬਾਹਰ ਆਈ।

ਜ਼ਿਕਰਯੋਗ ਹੈ ਕਿ ਡੇਰਾ ਪ੍ਰੇਮੀ ਕੁਲਦੀਪ ਸਿੰਘ ਤੇ ਨਿਰਮਲ ਸਿੰਘ ਨੇ 24 ਅਕਤੂਬਰ, 2002 ਨੂੰ ਸਿਰਸਾ ਦੇ ਪੱਤਰਕਾਰ ਰਾਮ ਚੰਦਰ ਛੱਤਰਪਤੀ ਨੂੰ ਗੋਲ਼ੀਆਂ ਮਾਰ ਦਿੱਤੀਆਂ ਸਨ। ਘਟਨਾ ਤੋਂ 27 ਦਿਨਾਂ ਬਾਅਦ ਪੱਤਰਕਾਰ ਦੀ ਮੌਤ ਹੋ ਗਈ ਸੀ। ਬੀਤੀ 11 ਜਨਵਰੀ ਨੂੰ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ, ਡੇਰੇ ਦੇ ਸਾਬਕਾ ਮੈਨੇਜਰ ਕ੍ਰਿਸ਼ਨ ਲਾਲ ਤੇ ਕੁਲਦੀਪ ਤੇ ਨਿਰਲਨ ਨੂੰ ਪੱਤਰਕਾਰ ਦਾ ਕਤਲ ਕਰਨ ਦਾ ਦੋਸ਼ੀ ਕਰਾਰ ਦੇ ਦਿੱਤਾ ਗਿਆ ਸੀ।

Source:AbpSanjha