ਮਹਾਰਾਸ਼ਟਰ ਦੇ ਵਿੱਚ ਡੇਂਗੂ ਦਾ ਕਹਿਰ ਜਾਰੀ, ਹੁਣ ਤੱਕ 7 ਲੋਕਾਂ ਦੀ ਮੌਤ

dengue-in-maharashtra

ਮਹਾਰਾਸ਼ਟਰ ਦੇ ਪ੍ਰਸਿੱਧ ਸ਼ਹਿਰ ਔਰੰਗਾਬਾਦ ਦੇ ਵਿੱਚ ਡੇਂਗੂ ਦਾ ਕਹਿਰ ਲਗਾਤਾਰ ਜਾਰੀ ਹੈ। ਡੇਂਗੂ ਦਾ ਕਹਿਰ ਹੌਲੀ ਹੌਲੀ ਭਿਆਨਕ ਮਹਾਮਾਰੀ ਦਾ ਰੂਪ ਧਾਰਨ ਕਰ ਰਿਹਾ ਹੈ। ਡੇਂਗੂ ਦੇ ਕਹਿਰ ਦੇ ਨਾਲ ਹੁਣ ਤੱਕ 7 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਿਲੀ ਜਾਣਕਾਰੀ ਅਨੁਸਾਰ ਹੁਣ ਤੱਕ 260 ਦੇ ਕਰੀਬ ਡੇਂਗੂ ਦੇ ਸ਼ੱਕੀ ਮਾਮਲੇ ਸਾਹਮਣੇ ਆ ਚੁੱਕੇ ਹਨ। ਅਧਿਕਾਰਤ ਸੂਤਰਾਂ ਦਾ ਕਹਿਣਾ ਹੈ ਕਿ ਹਰ ਰੋਜ 15 ਦੀ ਗਿਣਤੀ ਦੇ ਕਰੀਬ ਲੋਕ ਡੇਂਗੂ ਦੇ ਕਹਿਰ ਦੀ ਲਪੇਟ ਵਿੱਚ ਆ ਰਹੇ ਹਨ।

ਮਹਾਰਾਸ਼ਟਰ ਨਗਰ ਨਿਗਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਡੇਂਗੂ ਦੇ ਇਸ ਭਿਆਨਕ ਕਹਿਰ ਨੂੰ ਦੇਖਦੇ ਹੋਏ ਮਰੀਜ਼ਾਂ ਲਈ ਵਿਸ਼ੇਸ਼ ਜਾਂਚ ਦੀ ਵਿਵਸਥਾ ਕੀਤੀ ਗਈ ਹੈ। ਮਹਾਰਾਸ਼ਟਰ ਨਗਰ ਨਿਗਮ ਦੇ ਸਿਹਤ ਕਰਮਚਾਰੀਆਂ ਨੇ ਪੂਰੇ ਸ਼ਹਿਰ ਦੇ ਇਕ ਲੱਖ ਘਰਾਂ ਨੂੰ ਆਪਣੇ ਸਵੱਛਤਾ ਮੁਹਿੰਮ ਵਿੱਚ ਸ਼ਾਮਲ ਕੀਤਾ ਹੈ। ਔਰੰਗਾਬਾਦ ਦੇ ਵਿੱਚ ਸਿਹਤ ਵਿਭਾਗ ਦੀਆਂ 30 ਟੀਮਾਂ ਨੇ ਡੇਂਗੂ ਦਾ ਪਤਾ ਲਗਾਉਣ ਦੇ ਲਈ ਘਰ-ਘਰ ਜਾ ਕੇ ਸਰਵੇਖਣ ਕੀਤਾ।

ਜ਼ਰੂਰ ਪੜ੍ਹੋ: ਨਸ਼ਿਆਂ ਨੇ ਲਈ ਇੱਕ ਹੋਰ ਪੁੱਤ ਦੀ ਜਾਨ, ਮਾਂ ਦਾ ਰੋ-ਰੋ ਬੁਰਾ ਹਾਲ

ਤੁਹਾਨੂੰ ਦੱਸ ਦੇਈਏ ਕਿ ਡੇਂਗੂ ਦੀ ਘਾਤਕ ਬਿਮਾਰੀ ‘ਏਡੀਸ ਏਜਿਪਟੀ’ ਮੱਛਰ ਦੇ ਕੱਟਣ ਨਾਲ ਹੁੰਦੀ ਹੈ, ਜੋ ਮਿੱਟੀ ਦੇ ਭਾਂਡੇ ਜਾਂ ਭੂਮੀਗਤ ਟੈਂਕਾਂ ‘ਚ ਇਕੱਠੇ ਸਾਫ਼ ਪਾਣੀ ‘ਚ ਅੰਡੇ ਦਿੰਦੀ ਹੈ। ਮਹਾਰਾਸ਼ਟਰ ਦੇ ਸਿਹਤ ਵਿਭਾਗ ਨੇ ਸਾਰੇ ਲੋਕਾਂ ਨੂੰ ਡੇਂਗੂ ਤੋਂ ਬਚਣ ਲਈ ਚੌਕਸੀ ਕਦਮ ਚੁੱਕਣ ਦੀ ਅਪੀਲ ਕੀਤੀ ਹੈ, ਜਿਵੇਂ ਪੂਰੀ ਬਾਂਹ ਵਾਲੇ ਕੱਪੜੇ ਪਾਉਣਾ ਅਤੇ ਰਾਤ ਨੂੰ ਸੌਂਦੇ ਸਮੇਂ ਮੱਛਰਦਾਣੀ ਦੀ ਵਰਤੋਂ ਕਰਨਾ ਆਦਿ। ਸਿਹਤ ਵਿਭਾਗ ਨੇ ਨਾਗਰਿਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਹਫ਼ਤੇ ‘ਚ ਇਕ ਵਾਰ ਸਾਰੇ ਪਾਣੀ ਭੰਡਾਰਨ ਵਾਲੇ ਭਾਂਡਿਆਂ ਨੂੰ ਸਾਫ਼ ਕਰਨ ਅਤੇ ਆਪਣੇ ਘਰਾਂ ਕੋਲ ਛੋਟੀਆਂ ਥਾਂਵਾਂ ‘ਤੇ ਪਾਣੀ ਦਾ ਭੰਡਾਰਨ ਨਾ ਕਰਨ।