‘ਆਪ’ ਨਾਲ ਗੱਠਜੋੜ ਤੇ ਕਾਂਗਰਸ ਵੀ ਦੋਚਿੱਤੀ, ਮਿਲਾਉਣਾ ਚਾਹੁੰਦੀ ‘ਆਪ’ ਨਾਲ ਹੱਥ!

congress and aap alliance

ਆਮ ਆਦਮੀ ਪਾਰਟੀ ਨਾਲ ਗੱਠਜੋੜ ਨੂੰ ਲੈ ਕੇ ਕਾਂਗਰਸ ਵੀ ਦੋਚਿੱਤੀ ਵਿੱਚ ਹੈ। ਬੇਸ਼ੱਕ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਸਪਸ਼ਟ ਕਰ ਚੁੱਕੇ ਹਨ ਕਿ ਆਮ ਆਦਮੀ ਪਾਰਟੀ ਨਾਲ ਕੋਈ ਗੱਠਜੋੜ ਨਹੀਂ ਹੋਏਗਾ ਪਰ ਅੰਦਰ-ਖਾਤੇ ਦੋਵੇਂ ਧਿਰਾਂ ਇਸ ਬਾਰੇ ਚਰਚਾ ਕਰ ਰਹੀਆਂ ਹਨ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਵੀ ਮੰਗਲਵਾਰ ਹਰਿਆਣਾ ਵਿੱਚ ਕਾਂਗਰਸ ਨਾਲ ਗੱਠਜੋੜ ਦੀ ਇੱਛਾ ਜਾਹਿਰ ਕੀਤੀ ਸੀ।

ਉਧਰ, ਲੋਕ ਸਭਾ ਚੋਣਾਂ ਦੌਰਾਨ ਦਿੱਲੀ ਵਿੱਚ ਆਮ ਆਦਮੀ ਪਾਰਟੀ ਨਾਲ ਗੱਠਜੋੜ ਦਾ ਰਾਹ ਖੁੱਲ੍ਹਾ ਰੱਖਦਿਆਂ, ਕਾਂਗਰਸ ਨੇ ਇਸ ਬਾਰੇ ਪਾਰਟੀ ਵਰਕਰਾਂ ਦੇ ਸੁਝਾਅ ਮੰਗੇ ਹਨ। ਪਾਰਟੀ ਵਰਕਰਾਂ ਨੂੰ ਆਪਣੇ ‘ਸ਼ਕਤੀ ਮੋਬਾਈਲ ਐਪ’ ਰਾਹੀਂ ਭੇਜੇ ਗਏ ਮੈਸੇਜ ’ਚ ਦਿੱਲੀ ਕਾਂਗਰਸ ਦੇ ਇੰਚਾਰਜ ਪੀਸੀ ਚਾਕੋ ਨੇ ਵਰਕਰਾਂ ਤੋਂ ਗੱਠਜੋੜ ਸਬੰਧੀ ਵਿਚਾਰ ਮੰਗੇ ਹਨ। ਦਿੱਲੀ ਕਾਂਗਰਸ ਦੇ ਸੀਨੀਅਰ ਆਗੂ ਨੇ ਕਿਹਾ ਕਿ ਇਸ ਮਹੀਨੇ ਦੇ ਅੰਤ ਤੱਕ ਗੱਠਜੋੜ ਹੋ ਸਕਦਾ ਹੈ। ਗੱਠਜੋੜ ਹੋਣ ’ਤੇ ‘ਆਪ’ ਚਾਰ ਤੇ ਕਾਂਗਰਸ ਤਿੰਨ ਸੀਟਾਂ ਤੋਂ ਚੋਣ ਲੜੇਗੀ।

ਇਹ ਵੀ ਪੜ੍ਹੋ : 2019 ਲੋਕ ਸਭਾ ਚੋਣਾਂ ਲਈ ਕਾਂਗਰਸ ਨੇ ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ

ਆਮ ਆਦਮੀ ਪਾਰਟੀ ਵੀ ਅਜਿਹੀ ਹੀ ਸੋਚ ਰੱਖਦੀ ਹੈ। ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਕਾਂਗਰਸ ਨੂੰ ‘ਆਪ’ ਤੇ ਜੇਜੇਪੀ ਦੇ ਪ੍ਰਸਤਾਵਤ ਗੱਠਜੋੜ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਸੀ। ਉਂਝ ਕੇਜਰੀਵਾਲ ਦੇ ਇਸ ਪ੍ਰਸਤਾਵ ਨੂੰ ਉਨ੍ਹਾਂ ਦੀ ਹਰਿਆਣਾ ਦੀ ਭਾਈਵਾਲ ਪਾਰਟੀ ਨੇ ਇਹ ਆਖਦਿਆਂ ਠੁਕਰਾ ਦਿੱਤਾ ਕਿ ਇਸ ਦਾ ਕਾਂਗਰਸ ਨਾਲ ਕੋਈ ਗੱਠਜੋੜ ਨਹੀਂ ਹੋ ਸਕਦਾ। ਕੇਜਰੀਵਾਲ ਨੇ ਮੀਡੀਆ ਨੂੰ ਕਿਹਾ ਸੀ ਕਿ ‘ਆਪ’, ਕਾਂਗਰਸ ਤੇ ਜਨਨਾਇਕ ਜਨਤਾ ਪਾਰਟੀ ਦਾ ਜੋੜ ਸੂਬੇ ਵਿੱਚ ਭਾਜਪਾ ਨੂੰ ਮਾਤ ਦੇਵੇਗਾ। ਉਨ੍ਹਾਂ ਕਿਹਾ ਸੀ,‘ਆਓ, ਹਰਿਆਣਾ ਵਿੱਚ ਭਾਜਪਾ ਨੂੰ ਹਰਾਉਣ ਲਈ ਇਕੱਠੇ ਹੋਈਏ।’

Source:AbpSanjha