ਭਾਰਤੀ ਮੂਲ ਦੇ ਅਟਾਰਨੀ ਨੇ ਲਾਏ ਟਰੰਪ ਸਰਕਾਰ ‘ਤੇ ਗੰਭੀਰ ਇਲਜ਼ਾਮ , ਸਰਕਾਰ ਨੇ ਧੋਖਾ ਦੇ ਕੇ ਫੜੇ ਭਾਰਤੀ ਵਿਦਿਆਰਥੀ

anu peshawria on indian students stuck in university scam

ਵਾਸ਼ਿੰਗਟਨ: ਜਾਅਲੀ ਯੂਨੀਵਰਸਿਟੀ ‘ਚ ਦਾਖ਼ਲਾ ਲੈਣ ਕਰਕੇ ਵੱਡੇ ਪੱਧਰ ‘ਤੇ ਵਿਦਿਆਰਥੀਆਂ ਦੀ ਗ੍ਰਿਫ਼ਤਾਰੀ ਦੌਰਾਨ ਭਾਰਤੀ ਮੂਲ ਦੇ ਅਟਾਰਨੀ ਨੇ ਟਰੰਪ ਸਰਕਾਰ ‘ਤੇ ਗੰਭੀਰ ਇਲਜ਼ਾਮ ਲਾਏ ਹਨ। ਅਟਾਰਨੀ ਨੇ ਕਿਹਾ ਹੈ ਕਿ ਹੋਮਲੈਂਡ ਸੁਰੱਖਿਆ ਵਿਭਾਗ ਨੇ ਜਾਣਬੁੱਝ ਕੇ ਫਰਜ਼ੀ ਯੂਨੀਵਰਸਿਟੀਆਂ ਬਣਾ ਕੇ ਆਪਣੇ ਘਰਾਂ ਤੋਂ ਹਜ਼ਾਰਾਂ ਮੀਲ ਦੂਰ ਬੈਠੇ ਵਿਦਿਆਰਥੀਆਂ ਨੂੰ ਧੋਖਾ ਦਿੱਤਾ ਹੈ।

ਕੈਲੇਫੋਰਨੀਆ ਰਹਿੰਦੀ ਭਾਰਤੀ ਮੂਲ ਦੀ ਅਮਰੀਕੀ ਵਕੀਲ ਅਨੂੰ ਪੇਸ਼ਾਵਰੀਆ ਨੇ ਕਿਹਾ ਹੈ ਕਿ ਸਰਕਾਰ ਦੇ ਇਸ ਖ਼ੁਫ਼ੀਆ ਮਿਸ਼ਨ ਕਰਕੇ ਸੈਂਕੜੇ ਭਾਰਤੀ ਵਿਦਿਆਰਥੀਆਂ ਨੂੰ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਇਹ ਨਹੀਂ ਕਹਿੰਦੇ ਕਿ ਸਾਡੇ ਵਿਦਿਆਰਥੀ ਗ਼ਲਤ ਨਹੀਂ ਹਨ। ਉਨ੍ਹਾਂ ਦਾ ਫਰਜ਼ ਸੀ ਕਿ ਦਾਖ਼ਲਾ ਲੈਣ ਤੋਂ ਪਹਿਲਾਂ ਚੰਗੀ ਤਰ੍ਹਾਂ ਪੁੱਛ-ਪੜਤਾਲ ਕਰਨੀ ਚਾਹੀਦੀ ਸੀ ਤੇ ਜੇਕਰ ਉਨ੍ਹਾਂ ਸਭ ਪਤਾ ਹੋਣ ਦੇ ਬਾਵਜੂਦ ਅਪਰਾਧ ਕੀਤਾ ਹੈ ਤਾਂ ਸਜ਼ਾ ਜ਼ਰੂਰ ਮਿਲੇ, ਪਰ ਜੇਕਰ ਉਨ੍ਹਾਂ ਨੂੰ ਫਸਾਇਆ ਗਿਆ ਹੋਵੇ ਜਾਂ ਜੁਰਮ ਕਰਨ ਲਈ ਉਕਸਾਇਆ ਗਿਆ ਹੋਵੇ, ਤਾਂ ਸਾਨੂੰ ਯਕੀਨਨ ਉਨ੍ਹਾਂ ਦੀ ਮਦਦ ਕਰਨੀ ਹੋਵੇਗੀ।

ਅਮਰੀਕੀ ਪ੍ਰਵਾਸ ਤੇ ਕਸਟਮ ਇਨਫੋਰਸਮੈਂਟ ਵੱਲੋਂ ਪਿਛਲੇ ਹਫ਼ਤੇ ਜਾਰੀ ਕੀਤੇ ਅੰਕੜਿਆਂ ਮੁਤਾਬਕ ਯੂਨੀਵਰਸਿਟੀ ਆਫ਼ ਫ੍ਰੈਮਿੰਗਟਨ ‘ਚ ਦਾਖ਼ਲਾ ਲੈਣ ਵਾਲੇ 600 ‘ਚੋਂ 130 ਵਿਦਿਆਰਥੀਆਂ ਨੂੰ ਇਸ ਦੇ ਜਾਅਲੀ ਹੋਣ ਬਾਰੇ ਪਤਾ ਸੀ ਤੇ ਇਨ੍ਹਾਂ ਵਿੱਚੋਂ 129 ਭਾਰਤੀ ਹਨ। ਜਾਣਬੁੱਝ ਕੇ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਹਿਰਾਸਤ ਵਿੱਚ ਰੱਖਿਆ ਗਿਆ ਹੈ। ਉਨ੍ਹਾਂ ਵਿੱਚੋਂ ਕਈਆਂ ਨੂੰ ਆਉਣ-ਜਾਣ ਦੀਆਂ ਬੰਦਸ਼ਾਂ ਨਾਲ ਛੱਡ ਦਿੱਤਾ ਗਿਆ ਹੈ ਤੇ ਕਈਆਂ ਨੇ ਦੇਸ਼ ਹੀ ਛੱਡ ਦਿੱਤਾ ਹੈ।

ਪੇਸ਼ਾਵਰੀਆ ਨੇ ਕਿਹਾ ਕਿ ਬਹੁਤੇ ਵਿਦਿਆਰਥੀਆਂ ਨੇ ਅਮਰੀਕਾ ਪੜ੍ਹਾਈ ਕਰਨ ਲਈ ਬਹੁਤ ਵੱਡੇ ਕਰਜ਼ੇ ਚੁੱਕੇ ਹਨ ਅਤੇ ਭਾਰਤ ਵੱਸਦੇ ਉਨ੍ਹਾਂ ਦੇ ਪਰਿਵਾਰ ਬੇਹੱਦ ਔਖ ਭਰੇ ਸਮੇਂ ਵਿੱਚੋਂ ਗੁਜ਼ਰ ਰਹੇ ਹਨ। ਕਈਆਂ ‘ਤੇ ਜ਼ਬਰੀ ਆਪਣੇ ਮੂਲ ਦੇਸ਼ ਭੇਜੇ ਜਾਣ ਦੀ ਤਲਵਾਰ ਵੀ ਲਟਕ ਰਹੀ ਹੈ। ਉਨ੍ਹਾਂ ਗ੍ਰਹਿ ਸੁਰੱਖਿਆ ਵਿਭਾਗ ਦੇ ਵਿਦਿਆਰਥੀਆਂ ਨੂੰ ਕਾਨੂੰਨੀ ਜਾਣਕਾਰੀ ਰੱਖਣ ਦੇ ਤਰਕ ‘ਤੇ ਇਤਰਾਜ਼ ਚੁੱਕਦਿਆਂ ਕਿਹਾ ਕਿ ਕੀ ਜਦੋਂ ਅਸੀਂ ਅਮਰੀਕਾ ਆਉਂਦੇ ਹਾਂ ਤਾਂ ਸਾਨੂੰ ਸਾਰੇ ਕਾਨੂੰਨਾਂ ਬਾਰੇ ਪਤਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਹੁਣ ਸਾਰੇ ਵਿਦਿਆਰਥੀਆਂ ਦੀ ਜਲਦ ਤੋਂ ਜਲਦ ਰਿਹਾਈ ਲਈ ਲੜ ਰਹੇ ਹਾਂ।

Source:AbpSanjha