ਛਤਰਪਤੀ ਦੇ ਬੇਟੇ ਨੇ ਕੀਤਾ ਖੁਲਾਸਾ , ਸਿਆਸੀ ਪਾਰਟੀਆਂ ਨਹੀਂ ਚਾਹੁੰਦੀਆਂ ਰਾਮ ਰਹੀਮ ਸਲਾਖਾਂ ਪਿੱਛੇ ਜਾਏ

anshul chhatrapati

ਸਿਆਸੀ ਪਾਰਟੀਆਂ ਨਹੀਂ ਸੀ ਚਾਹੁੰਦੀਆਂ ਕਿ ਡੇਰਾ ਸਿਰਸਾ ਮੁਖੀ ਰਾਮ ਰਹੀਮ ਸਲਾਖਾਂ ਪਿੱਛੇ ਜਾਏ। ਹਰਿਆਣਾ ਵਿੱਚ ਕਾਂਗਰਸ, ਬੀਜੇਪੀ ਤੇ ਇਨੈਲੋ ਦੀਆਂ ਸਰਕਾਰਾਂ ਹਿੱਕ ਠੋਕ ਕੇ ਡੇਰਾ ਮੁਖੀ ਨਾਲ ਖੜ੍ਹਦੀਆਂ ਰਹੀਆਂ। ਇਨ੍ਹਾਂ ਪਾਰਟੀਆਂ ਦੇ ਲੀਡਰ ਡੇਰੀ ਮੁਖੀ ਸਾਹਮਣੇ ਢਾਲ ਬਣੇ ਰਹੇ। ਮੀਡੀਆ ਵੀ ਖੁੱਲ੍ਹ ਕੇ ਸੱਚ ਲਿਖਣ ਤੋਂ ਬਚਦਾ ਰਿਹਾ। ਇਹ ਖੁਲਾਸਾ ਮਰਹੂਮ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਬੇਟੇ ਅੰਸ਼ੁਲ ਛਤਰਪਤੀ ਨੇ ਕੀਤਾ ਹੈ।

ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਕਤਲ ਕੇਸ ਵਿੱਚ ਰਾਮ ਰਹੀਮ ਨੂੰ ਕੈਦ ਦੀ ਸਜ਼ਾ ਦਿਵਾਉਣ ਵਾਲੇ ਅੰਸ਼ੁਲ ਛਤਰਪਤੀ ਨੇ ਕਿਹਾ ਕਿ ਜਦੋਂ 16 ਸਾਲ ਉਹ ਡੇਰਾ ਮੁਖੀ ਵਿਰੁੱਧ ਕਾਨੂੰਨੀ ਲੜਾਈ ਲੜ ਰਿਹਾ ਸੀ ਤਾਂ ਹਰਿਆਣਾ ਦੀਆਂ ਤਿੰਨੇ ਸਿਆਸੀ ਪਾਰਟੀਆਂ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ), ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀਆਂ ਸਰਕਾਰਾਂ ਡੇਰੇ ਦੇ ਇਸ਼ਾਰਿਆਂ ’ਤੇ ਨੱਚ ਕੇ ਉਸ (ਰਹੀਮ) ਲਈ ਢਾਲ ਬਣਦੀਆਂ ਰਹੀਆਂ।

ਅੰਸ਼ੁਲ ਨੇ ਦੱਸਿਆ ਕਿ ਜਦੋਂ ਉਸ ਦੇ ਪਿਤਾ ਨੂੰ ਜਬਰ ਜਨਾਹ ਦੀ ਪੀੜਤ ਸਾਧਵੀ ਦੀ ਚਿੱਠੀ ਆਪਣੀ ਅਖ਼ਬਾਰ ‘ਪੂਰਾ ਸੱਚ’ ਵਿੱਚ ਛਾਪਣ ਕਾਰਨ 24 ਅਕਤੂਬਰ, 2002 ਨੂੰ ਡੇਰੇ ਦੇ ਬੰਦਿਆਂ ਨੇ 5 ਗੋਲੀਆਂ ਮਾਰੀਆਂ ਸਨ ਤਾਂ ਉਸ ਵੇਲੇ ਇਨੈਲੋ ਸਰਕਾਰ ਦੇ ਮੁੱਖ ਮੰਤਰੀ ਓਪੀ ਚੌਟਾਲਾ ਉਨ੍ਹਾਂ ਦੇ ਘਰ ਆਏ ਸਨ। ਉਨ੍ਹਾਂ ਕਿਹਾ ਸੀ ਅਪਰਾਧੀ ਜਿੰਨੇ ਮਰਜ਼ੀ ਤਾਕਤਵਾਰ ਹੋਣ ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਪਰ ਇਸ ਦੇ ਉਲਟ ਚੌਟਾਲਾ ਸਰਕਾਰ ਦੀ ਪੁਲਿਸ ਨੇ ਡੇਰਾ ਮੁਖੀ ਨੂੰ ਬਚਾਉਣ ਲਈ ਕੋਈ ਕਸਰ ਨਹੀਂ ਛੱਡੀ।

ਜਦੋਂ ਉਸ ਨੇ ਇਸ ਮਾਮਲੇ ਦੀ ਜਾਂਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੂੰ ਦੇਣ ਦੀ ਮੰਗ ਕੀਤੀ ਤਾਂ ਚੌਟਾਲਾ ਸਰਕਾਰ ਨੇ ਇਸ ਦਾ ਵੀ ਪਹਿਲਾਂ ਹਾਈ ਕੋਰਟ ਤੇ ਫਿਰ ਸੁਪਰੀਮ ਕੋਰਟ ਵਿੱਚ ਵਿਰੋਧ ਕਰਕੇ ਰਾਮ ਰਹੀਮ ਨੂੰ ਬਚਾਉਣ ਦੇ ਯਤਨ ਕੀਤੇ। ਉਨ੍ਹਾਂ ਦੱਸਿਆ ਕਿ ਫਿਰ ਕੇਂਦਰ ਤੇ ਹਰਿਆਣਾ ਵਿੱਚ ਕਾਂਗਰਸ ਦੀਆ ਸਰਕਾਰਾਂ ਆਈਆਂ ਤੇ ਇਨ੍ਹਾਂ ਸਰਕਾਰਾਂ ਨੇ ਰਾਮ ਰਹੀਮ ਨੂੰ ਜ਼ੈੱਡ ਪਲੱਸ ਸੁਰੱਖਿਆ ਦੇ ਕੇ ਡੇਰੇ ਅੱਗੇ ਗੋਡੇ ਟੇਕ ਦਿੱਤੇ। ਕਾਂਗਰਸ ਦੀਆਂ ਸਰਕਾਰਾਂ ਨੇ ਰਹੀਮ ਨੂੰ ਸੀਬੀਆਈ ਅੱਗੇ ਪੇਸ਼ ਤੱਕ ਨਹੀਂ ਹੋਣ ਦਿੱਤਾ।

ਅੰਸ਼ੁਲ ਨੇ ਹਰਿਆਣਾ ਦੀ ਮੌਜੂਦਾ ਖੱਟਰ ਸਰਕਾਰ ਬਾਰੇ ਕਿਹਾ ਕਿ ਜਦੋਂ ਭਾਜਪਾ ਵਿਧਾਨ ਸਭਾ ਚੋਣਾਂ ਜਿੱਤੀ ਤਾਂ ਇਸ ਪਾਰਟੀ ਦੇ 38 ਵਿਧਾਇਕਾਂ ਨੇ ਡੇਰੇ ਪੁੱਜ ਕੇ ਰਹੀਮ ਦੇ ਪੈਰ ਛੂਹ ਕੇ ਜਿੱਤ ਦਿਵਾਉਣ ਲਈ ਉਸ ਦਾ ਧੰਨਵਾਦ ਕੀਤਾ ਸੀ। ਉਸ ਨੇ ਦੋਸ਼ ਲਾਇਆ ਕਿ 25 ਅਗਸਤ, 2017 ਨੂੰ ਡੇਰਾ ਸਮਰਥਕਾਂ ਵੱਲੋਂ ਪੰਚਕੂਲਾ ਵਿੱਚ ਮਚਾਈ ਤਬਾਹੀ ਤੋਂ ਮਹਿਜ਼ 10 ਦਿਨ ਪਹਿਲਾਂ ਭਾਜਪਾ ਦੇ ਕੁਝ ਕੇਂਦਰੀ ਤੇ ਸੂਬਾਈ ਆਗੂਆਂ ਨੇ ਡੇਰੇ ਜਾ ਕੇ ਰਹੀਮ ਨੂੰ ਮੱਥਾ ਟੇਕਿਆ ਸੀ।

ਉਸ ਨੇ ਗਿਲਾ ਕੀਤਾ ਕਿ ਜੇ ਸਾਰਾ ਮੀਡੀਆ 16 ਸਾਲ ਪਹਿਲਾਂ ਉਸ ਦੇ ਪਿਤਾ ਵਾਂਗ ਬਲਾਤਕਾਰ ਦੀ ਪੀੜਤ ਸਾਧਵੀ ਦੀ ਗੁੰਮਨਾਮ ਚਿੱਠੀ ਆਪਣੀਆਂ ਅਖ਼ਬਾਰਾਂ ’ਚ ਛਾਪ ਦਿੰਦਾ ਤਾਂ ਸ਼ਾਇਦ ਛਤਰਪਤੀ ਦੀ ਜਾਨ ਬਚ ਜਾਂਦੀ। ਤਕਰੀਬਨ ਸਾਰਾ ਮੀਡੀਆ 2002 ਤੋਂ ਲੈ ਕੇ 2017 ਤੱਕ ਡੇਰਾ ਮੁਖੀ ਦੇ ਅਪਰਾਧਾਂ ਉੱਪਰ ਖਾਮੋਸ਼ ਰਿਹਾ ਹੈ ਅਤੇ ਜਦੋਂ ਡੇਰੇ ਦੇ ਪ੍ਰੇਮੀਆਂ ਨੇ 25 ਅਗਸਤ 2017 ਨੂੰ ਮੀਡੀਆ ਨੂੰ ਆਪਣਾ ਅਸਲੀ ਰੂਪ ਦਿਖਾਇਆ ਸੀ ਤਾਂ ਹੀ ਸਾਰੇ ਮੀਡੀਆ ਹਾਊਸਿਜ਼ ਦੀਆਂ ਅੱਖਾਂ ਖੁੱਲ੍ਹੀਆਂ ਹਨ।

Source:AbpSanjha