ਅਕਾਲੀ ਦਲ ਨੂੰ ਵੱਡਾ ਝਟਕਾ, ਹਰਿਆਣਾ ’ਚ ਇਕਲੌਤੇ ਵਿਧਾਇਕ ਨੇ ਕਿਹਾ ਅਲਵਿਦਾ

balkaur singh

ਮਣੀ ਅਕਾਲੀ ਦਲ ਨੂੰ ਹਰਿਆਣਾ ਵਿੱਚ ਵੱਡਾ ਝਟਕਾ ਲੱਗਿਆ ਹੈ। ਦਰਅਸਲ ਹਰਿਆਣਾ ਵਿੱਚ ਪਾਰਟੀ ਦੇ ਇੱਕੋ-ਇੱਕ ਵਿਧਾਇਕ ਬਲਕੌਰ ਸਿੰਘ ਅਕਾਲੀ ਦਲ ਛੱਡ ਕੇ ਹਾਲ ਵਿੱਚ ਨਵੀਂ ਬਣੀ ਜਨਨਾਇਕ ਜਨਤਾ ਪਾਰਟੀ (JJP) ਵਿੱਚ ਸ਼ਾਮਲ ਹੋ ਗਏ ਹਨ। ਇਹ ਜਾਣਕਾਰੀ ਜੇਜੇਪੀ ਮੁਖੀ ਅਜੈ ਸਿੰਘ ਚੌਟਾਲਾ ਨੇ ਸਾਂਝੀ ਕੀਤੀ।

ਜ਼ਿਲ੍ਹਾ ਸਿਰਸਾ ਦੀ ਕਲਾਂਵਾਲੀ (ਐਸਸੀ) ਸੀਟ ਤੋਂ ਵਿਧਾਇਕ ਬਲਕੌਰ ਸਿੰਘ (50) ਦਾ ਜੇਜੇਪੀ ਵਿੱਚ ਰੱਜਵਾਂ ਸਵਾਗਤ ਕੀਤਾ ਗਿਆ। ਇਸ ਦੌਰਾਨ ਚੌਟਾਲਾ ਨੇ ਉਨ੍ਹਾਂ ਨੂੰ ਪਾਰਟੀ ਦਾ ਝੰਡਾ ਭੇਟ ਕੀਤਾ। ਉਨ੍ਹਾਂ ਦੇ ਹਲਕੇ ਦੇ ਹੋਰ ਲੀਡਰ ਵੀ ਜੇਜੇਪੀ ’ਚ ਸ਼ਾਲਮ ਹੋਏ ਹਨ।

ਇਸ ਸਬੰਧੀ ਬਲਕੌਰ ਸਿੰਘ ਨੇ ਕਿਹਾ ਕਿ ਉਹ ਅਜੈ ਚੌਟਾਲਾ ਦੇ ਦਾਦਾ ਤੇ ਸਾਬਕਾ ਉਪ ਪ੍ਰਧਾਨ ਮੰਤਰੀ ਦਿਵੰਗਤ ਦੇਵੀ ਲਾਲ ਦੇ ਆਦਰਸ਼ਾਂ ਤੇ ਸਿਧਾਤਾਂ ਤੋਂ ਪ੍ਰਭਾਵਿਤ ਹੋਏ ਹਨ। ਉਨ੍ਹਾਂ ਕਿਹਾ ਕਿ ਚੌਟਾਲਾ ਦੀ ਅਗਵਾਈ ਵਿੱਚ ਜੇਜੇਪੀ ਸੂਬੇ ਦਾ ਵਿਕਾਸ ਕਰਕੇ ਇਸ ਨੂੰ ਬੁਲੰਦੀਆਂ ’ਤੇ ਲੈ ਜਾਏਗੀ।

ਇਸ ਦੇ ਨਾਲ ਹੀ ਜੇਜੇਪੀ ਦੀ ਹਮਾਇਤ ਕਰਨ ਵਾਲੇ ਵਿਧਾਇਕਾਂ ਦੀ ਗਿਣਤੀ ਚਾਰ ਹੋ ਗਈ ਹੈ, ਕਿਉਂਕਿ ਡੱਬਵਾਲੀ ਦੇ ਵਿਧਾਇਕ ਨੈਨਾ ਚੌਟਾਲਾ, ਉਕਲਾਣਾ ਦੇ ਵਿਧਾਇਕ ਅਨੂਪ ਧਨਾਕ ਤੇ ਚਰਖੀ ਦਾਦਰੀ ਦੇ ਵਿਧਾਇਕ ਰਣਦੀਪ ਫੋਗਾਟ ਵੀ ਜੇਜੇਪੀ ਨਾਲ ਹਨ। ਪਾਰਟੀ ਨੇ ਸੂਬੇ ਵਿੱਚ ਘੱਟ ਤੋਂ ਘੱਟ ਦੋ ਸੀਟਾਂ ਲਈ ਚੋਣ ਲੜਨ ਦੀ ਸੰਭਾਵਨਾ ਜ਼ਾਹਰ ਕੀਤੀ ਹੈ।

Source:AbpSanjha