UP ਤੋਂ ਕਣਕ ਦੇ ਭਰੇ 50 ਟਰਾਲੇ ਰੋਪੜ ਜ਼ਿਲ੍ਹੇ ‘ਚ ਪਹੁੰਚੇ, ਕਿਸਾਨਾਂ ਨੇ ਘੇਰ ਕੇ ਲਗਾਇਆ ਧਰਨਾ

50-trolleys-full-of-wheat-from-UP-reach-Ropar-district

ਕਿਸਾਨਾਂ ਨੇ ਯੂ.ਪੀ. ਤੋਂ ਭਰ ਕੇ ਆਏ ਕਣਕ ਦੇ 50 ਟਰੱਕਾਂ ਦੇ ਅੱਗੇ ਧਰਨਾ ਲਗਾ ਕੇ ਨਾਅਰੇਬਾਜ਼ੀ ਸ਼ੁਰੂ ਕੀਤੀ ਗਈ ਹੈ। ਕਿਸਾਨਾਂ ਨੇ ਕਿਹਾ ਕਿ ਇਕ ਪਾਸੇ ਕਿਸਾਨ ਆਪਣੀ ਖੇਤੀ ਨੂੰ ਬਚਾਉਣ ਲਈ ਦਿੱਲੀ ਬਾਰਡਰਾਂ ‘ਤੇ ਧਰਨੇ ਲਗਾ ਰਹੇ ਹਨ, ਦੂਜੇ ਪਾਸੇ ਹੋਰ ਸਟੇਟਾਂ ਤੋਂ ਸਸਤੀ ਕਣਕ ਲਿਆ ਕੇ ਪੰਜਾਬ ਦੇ ਕਿਸਾਨਾਂ ਨੂੰ ਬਰਬਾਦ ਕੀਤਾ ਜਾ ਰਿਹਾ ਹੈ ।

ਜ਼ਿਲ੍ਹਾ ਪ੍ਰਧਾਨ ਗੁਰਨਾਮ ਸਿੰਘ ਜੱਸੜਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਗੁਰਦੁਆਰਾ ਸਾਹਿਬ ਸੋਲਖੀਆਂ ਦੀ ਪਾਰਕਿੰਗ ਵਿਚ ਯੂਪੀ ਤੋਂ ਕਣਕ ਲੈ ਕੇ 50 ਦੇ ਕਰੀਬ ਗੱਡੀਆਂ ਖੜ੍ਹੀਆਂ ਹਨ। ਉਨ੍ਹਾਂ ਨੇ ਤੁਰੰਤ ਉਥੇ ਜਾ ਕੇ ਜਦੋਂ ਗੱਡੀਆਂ ਦੇ ਡਰਾਈਵਰਾਂ ਨਾਲ ਗੱਲਬਾਤ ਕੀਤੀ ਤਾਂ ਪਤਾ ਲੱਗਿਆ ਕਿ ਇਹ ਗੱਡੀਆਂ ਕਣਕ ਲੈ ਕੇ ਯੂਪੀ ਤੋਂ ਸੋਲਖੀਆਂ ਪਿੰਡ ਦੇ ਸਮਰਾਟ ਫਲੋਰ ਮਿੱਲ ਵਿਚ ਆਈਆਂ ਹਨ।

ਕਿਸਾਨ ਆਗੂਆਂ ਨੇ ਕਿਹਾ ਕਿ ਜਦੋਂ ਪੰਜਾਬ ਵਿਚ ਕਣਕ ਦੀ ਪੈਦਾਵਾਰ ਹੋ ਰਹੀ ਹੈ ਤਾਂ ਯੂਪੀ ਤੋਂ ਕਣਕ ਕਿਉਂ ਮੰਗਵਾਈ ਜਾ ਰਹੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਕਿਸਾਨਾਂ ਨਾਲ ਲਗਾਤਾਰ ਧੱਕਾ ਕੀਤਾ ਜਾ ਰਿਹਾ ਹੈ ਅਤੇ ਪੰਜਾਬ ਦੇ ਕਿਸਾਨਾਂ ਨੂੰ ਹੋਰ ਆਰਥਿਕ ਮੰਦੀ ਵੱਲ ਧੱਕਿਆ ਜਾ ਰਿਹਾ ਹੈ।

ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਯੂਪੀ ਤੋਂ ਆਈਆਂ ਗੱਡੀਆਂ ਦੇ ਪੂਰੇ ਦਸਤਾਵੇਜ਼ ਅਤੇ ਕਣਕ ਦੇ ਬਾਰੇ ਪੂਰੀ ਜਾਣਕਾਰੀ ਨਹੀਂ ਮਿਲਦੀ ਉਦੋਂ ਤੱਕ ਗੱਡੀਆਂ ਨੂੰ ਰੋਕਿਆ ਜਾਵੇਗਾ।ਕਿਸਾਨਾਂ ਦੀ ਮੰਗ ਹੈ ਕਿ ਜਦੋਂ ਤੱਕ ਕੇਂਦਰ ਸਰਕਾਰ ਕਾਲ਼ੇ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ ਉਦੋਂ ਤੱਕ ਪੰਜਾਬ ਦੇ ਵਿੱਚ ਬਾਹਰੋਂ ਕਣਕ ਦਾ ਇੱਕ ਦਾਣਾ ਵੀ ਨਹੀਂ ਆਉਣ ਦਿੱਤਾ ਜਾਵੇਗਾ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ