‘ਜੈ ਸ੍ਰੀ ਰਾਮ’ ਨਾ ਬੋਲਣ ‘ਤੇ ਤਿੰਨ ਮੁਸਲਿਮ ਨੌਜਵਾਨਾਂ ਨੂੰ ਦਿੱਤੀ ਜਾਨੋਂ ਮਾਰਨ ਦੀ ਧਮਕੀ

3 Boys Attacked In Gujrat

ਗੁਜਰਾਤ ਦੇ ਗੋਧਰਾ ਕਸਬੇ ਵਿੱਚ ਕੱਲ੍ਹ ਤਿੰਨ ਮੁਸਲਿਮ ਨੌਜਵਾਨਾਂ ਦੀ ਜੈ ਸ੍ਰੀ ਰਾਮ’ ਦਾ ਨਾਅਰਾ ਨਾ ਬੋਲਣ ‘ਤੇ ਅਣਪਛਾਤੇ ਲੜਕਿਆਂ ਨੇ ਕੁੱਟਮਾਰ ਕੀਤੀ। ਉਹਨਾਂ ਦੇ ਪਰਿਵਾਰ ਨੇ ਇਹ ਦੋਸ਼ ਲਾਇਆ ਹੈ ਕਿ ‘ਜੈ ਸ੍ਰੀ ਰਾਮ’ ਕਹਿਣ ਤੋਂ ਇਨਕਾਰ ਕਰਨ ‘ਤੇ ਮੁੰਡਿਆਂ ਨੂੰ ਕੁੱਟਿਆ ਗਿਆ। ਗੁਜਰਾਤ ਪੁਲਿਸ ਨੇ ਇਸ ਮਾਮਲੇ ਨੂੰ ਲੈ ਕੇ 6 ਅਣਪਛਾਤੇ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਗੁਜਰਾਤ ਪੁਲਿਸ ਨੂੰ ਇਸ ਮਾਮਲੇ ਦੀ ਸੂਚਨਾ ਸਿਦੀਕੀ ਭਗਤ ਨਾਮ ਦੇ ਵਿਅਕਤੀ ਨੇ ਦਿੱਤੀ। ਉਸ ਦਾ ਕਹਿਣਾ ਹੈ ਕਿ ਉਸ ਦੇ ਬੇਟੇ ਸਮੀਰ ਤੇ ਉਸ ਦੇ ਦੋਸਤਾਂ ਤੇ ਹਮਲਾ ਉਸ ਵੇਲੇ ਹੋਇਆ ਜਦੋ ਉਹ ਰਾਤ ਨੂੰ ਘਰ ਨੂੰ ਪਰਤ ਰਹੇ ਸਨ। ਸਮੀਰ ਦੇ ਪਰਿਵਾਰ ਦਾ ਕਹਿਣਾ ਹੈ ਕਿ , ‘ਮੁਲਜ਼ਮਾਂ ਨੇ ਮੇਰੇ ਬੇਟੇ ਤੇ ਉਸਦੇ ਦੋਸਤਾਂ ਨੂੰ ‘ਜੈ ਸ੍ਰੀ ਰਾਮ’ ਦਾ ਨਾਅਰਾ ਲਾਉਣ ਲਈ ਕਿਹਾ। ਜਦੋਂ ਮੁੰਡਿਆਂ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਉਨ੍ਹਾਂ ਨੇ ਮੁੰਡਿਆਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਉਹਨਾਂ ਦਾ ਕਹਿਣਾ ਹੈ ਕਿ ਸਮੀਰ ਅਤੇ ਉਸ ਦੇ ਦੋਸਤਾਂ ਨੂੰ ਬੜੀ ਬੇਰਹਿਮੀ ਕੁੱਟਿਆ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਵਿੱਚੋਂ ਇੱਕ ਨੇ ਸਮੀਰ ਦੇ ਮੱਥੇ ‘ਤੇ ਸਾਈਕਲ ਦੀ ਚੇਨ ਮਾਰੀ ਜਦਕਿ ਇੱਕ ਹੋਰ ਨੇ ਸਲਮਾਨ ਦੇ ਸਿਰ ‘ਤੇ ਤਿੱਖੀ ਵਸਤੂ ਨਾਲ ਹਮਲਾ ਕੀਤਾ।’

ਹਮਲੇ ਤੋਂ ਬਾਅਦ ਪਰਿਵਾਰ ਨੇ ਉਹਨਾਂ ਮੁੰਡਿਆਂ ਖ਼ਿਲਾਫ਼ ਗੋਧਰਾ ਟਾਊਨ ਪੁਲਿਸ ਥਾਣੇ ਵਿੱਚ ਐਫਆਈਆਰ ਕਾਰਵਾਈ। ਜਿਸ ਵਿੱਚ ਇਹ ਵੀ ਲਿਖਿਆ ਹੈ ਕਿ ਹਮਲਾਵਰਾਂ ਨੇ ਜਾਣ ਤੋਂ ਪਹਿਲਾ ਧਮਕੀ ਦਿੱਤੀ ਕਿ ਜੇ ਉਹ ਇਸ ਖੇਤਰ ਵਿੱਚ ਫਿਰ ਤੋਂ ਦਿੱਸੇ ਤਾਂ ਉਨ੍ਹਾਂ ਨੂੰ ਜਾਨ ਤੋਂ ਮਾਰ ਦਿੱਤਾ ਜਾਵੇਗਾ। ਲਿਸ ਇੰਸਪੈਕਟਰ ਐਚਸੀ ਰਾਥਵਾ ਨੇ ਦੱਸਿਆ ਕਿ ਕੁਝ ਸਥਾਨਕ ਲੋਕ ਜ਼ਖਮੀ ਹੋਏ ਸਮੀਰ ਤੇ ਉਸਦੇ ਦੋਸਤਾਂ ਨੂੰ ਸਿਵਲ ਹਸਪਤਾਲ ਲੈ ਗਏ ਸੀ। ਪੀੜਤ ਇਸ ਸਮੇਂ ਬੋਲਣ ਦੀ ਸਥਿਤੀ ਵਿੱਚ ਨਹੀਂ ਹਨ, ਇਸ ਲਈ ਸਾਡੇ ਕੋਲ ਹੋਰ ਵੇਰਵੇ ਨਹੀਂ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਨੇ 6 ਅਣਪਛਾਤੇ ਲੋਕਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਹੈ।