ਪ੍ਰੇਮੀ ਨਾਲ ਵਿਆਹ ਕਰਾਉਣ ਲਈ ਮਾਂ ਨੇ ਡੇਢ ਸਾਲ ਦੀ ਧੀ ਮਾਰੀ

mother killed her daughter to marry her boyfriend

ਲੁਧਿਆਣਾ ਦੇ ਲਕਸ਼ਮਣ ਨਗਰ ਇਲਾਕੇ ਵਿੱਚ ਇੱਕ ਮਾਂ ਨੇ ਆਪਣੀ ਡੇਢ ਸਾਲ ਦੀ ਧੀ ਨੂੰ ਕਥਿਤ ਤੌਰ ’ਤੇ ਉਸ ਦੇ ਮੂੰਹ ’ਤੇ ਸਿਰਹਾਣਾ ਰੱਖ ਕੇ ਮਾਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਮਹਿਲਾ ਨੇ ਆਪਣੇ ਪਤੀ ਨੂੰ ਕਤਲ ਦੇ ਕੇਸ ਵਿੱਚ ਫਸਾਉਣ ਅਤੇ ਆਪਣੇ ਪ੍ਰੇਮੀ ਨਾਲ ਵਿਆਹ ਕਰਵਾਉਣ ਲਈ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਮ੍ਰਿਤਕ ਬੱਚੀ ਖੁਸ਼ੀ ਦੇ ਪਿਤਾ ਗੁੱਡੂ ਨੇ ਇਸ ਮਾਮਲੇ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਨੇ ਉਸ ਦੀ ਸ਼ਿਕਾਇਤ ਦੇ ਆਧਾਰ ’ਤੇ ਉਸ ਦੀ ਮਾਂ ਸੁਨੀਤਾ ਰਾਣੀ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਜਾਣਕਾਰੀ ਅਨੁਸਾਰ ਮੁਲਜ਼ਮ ਔਰਤ ਨੇ ਕੱਲ੍ਹ ਸਵੇਰੇ ਡਰਾਮਾ ਕੀਤਾ ਕਿ ਬੱਚੀ ਉੱਠ ਨਹੀਂ ਰਹੀ ਅਤੇ ਪਰਿਵਾਰ ਵਾਲੇ ਬੱਚੀ ਨੂੰ ਹਸਪਤਾਲ ਲੈ ਗਏ। ਪਰ ਉੱਥੇ ਜਾ ਕੇ ਉਸ ਨੇ ਖੁਦ ਹੀ ਮੰਨ ਲਿਆ ਕਿ ਉਸ ਨੇ ਬੱਚੀ ਨੂੰ ਰਾਤ ਵੇਲੇ ਮੂੰਹ ’ਤੇ ਸਿਰਹਾਣਾ ਰੱਖ ਕੇ ਉਸ ਦਾ ਸਾਹ ਘੁੱਟ ਕੇ ਉਸ ਨੂੰ ਮਾਰ ਦਿੱਤਾ ਸੀ। ਇਸ ਤੋਂ ਬਾਅਦ ਪਤੀ ਨੇ ਪੁਲਿਸ ਨੂੰ ਇਸ ਦੀ ਸ਼ਿਕਾਇਤ ਕੀਤੀ। ਪਤੀ ਗੁੱਡੂ ਮਜ਼ਦੂਰੀ ਕਰਦਾ ਹੈ। ਉਨ੍ਹਾਂ ਦਾ ਵਿਆਹ 3 ਸਾਲ ਪਹਿਲਾਂ ਹੋਇਆ ਸੀ। 2 ਸਾਲ ਪਹਿਲਾਂ ਉਹ ਗੁੱਡੂ ਨੂੰ ਛੱਡ ਕੇ ਪੇਕੇ ਚਲੀ ਗਈ ਸੀ ਕਿਉਂਕਿ ਉਸ ਦੇ ਕਿਸੇ ਨਾਲ ਸਬੰਧ ਸੀ ਤੇ ਉਹ ਉਸੇ ਨਾਲ ਵਿਆਹ ਕਰਾਉਣਾ ਚਾਹੁੰਦੀ ਸੀ।

ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਗੁਰਮੀਤ ਸਿੰਘ ਨੇ ਦੱਸਿਆ ਕਿ ਸੁਨੀਤਾ ਦਾ ਆਪਣੇ ਪਤੀ ਨਾਲ ਝਗੜਾ ਚੱਲਦਾ ਸੀ। ਉਸ ਨੇ ਆਪਣੇ ਪਤੀ ਨੂੰ ਸਬਕ ਸਿਖਾਉਣ ਦੇ ਮਕਸਦ ਨਾਲ ਬੱਚੀ ਦਾ ਕਤਲ ਕਰਕੇ ਦੋਸ਼ ਆਪਣੇ ਪਤੀ ਸਿਰ ਮੜ੍ਹਨ ਦੀ ਯੋਜਨਾ ਬਣਾਈ ਸੀ। ਉਸਨੇ ਬੱਚੀ ਦਾ ਕਥਿਤ ਤੌਰ ’ਤੇ ਕਤਲ ਤਾਂ ਕਰ ਦਿੱਤਾ ਪਰ ਉਹ ਜ਼ਿਆਦਾ ਸਮਾਂ ਸਚਾਈ ਛੁਪਾ ਨਾ ਸਕੀ। ਉਸ ਨੇ ਸਭ ਦੇ ਸਾਹਮਣੇ ਮੰਨ ਲਿਆ ਕਿ ਪਤੀ ਤੋਂ ਬਦਲਾ ਲੈਣ ਲਈ ਉਸ ਨੇ ਆਪਣੀ ਬੇਕਸੂਰ ਬੱਚੀ ਨੂੰ ਮਾਰ ਦਿੱਤਾ ਹੈ।

Source:AbpSanjha