ਕੈਨੇਡਾ ਵਿੱਚ ਸੈਲਫ਼ੀ ਨੇ ਲਈ ਇਕ ਹੋਰ ਬੱਚੀ ਦੀ ਜਾਨ

Sarabjinder Kaur

ਬਰੈਂਪਟਨ: ਸਟੱਡੀ ਵੀਜ਼ਾ ‘ਤੇ ਕੈਨੇਡਾ ਗਈ ਪਿੰਡ ਫਿਰੋਜ਼ਸ਼ਾਹ (ਫ਼ਿਰੋਜ਼ਪੁਰ) ਦੀ ਸਰਬਜਿੰਦਰ ਕੌਰ ਗਿੱਲ ਉਰਫ ਡੌਲੀ ਨੇ ਸੈਲਫ਼ੀ ਲੈਂਦੇ ਹੋਏ ਆਪਣੀ ਜਾਨ ਗੁਆ ਲਈ। ਜਾਣਕਾਰੀ ਅਨੁਸਾਰ ਸਰਬਜਿੰਦਰ ਕੌਰ ਗਿੱਲ 2 ਸਾਲ ਪਹਿਲਾਂ ਕੈਨੇਡਾ ਪੜ੍ਹਾਈ ਕਰਨ ਗਈ ਸੀ।

ਪ੍ਰਾਪਤ ਜਾਣਕਾਰੀ ਅਨੁਸਾਰ ਸਰਬਜਿੰਦਰ ਕੌਰ ਬੀਤੇ ਦਿਨੀਂ ਕਾਲਜ ਵਾਲਿਆਂ ਨਾਲ ਟੂਰ ਤੇ ਗਈ ਸੀ। ਉੱਥੇ ਸੈਲਫੀ ਲੈਂਦੇ ਸਮੇਂ ਉਸ ਦਾ ਪੈਰ ਤਿਲਕ ਗਿਆ। ਜਿਸ ਕਾਰਨ ਉਹ ਸਮੁੰਦਰ ‘ਚ ਜਾ ਡਿੱਗੀ ਅਤੇ ਡੁੱਬਣ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕਾ ਦੇ ਦਾਦਾ ਜੀ ਨੇ ਦੱਸਿਆ ਕੇ ਸਰਬਜਿੰਦਰ ਕੌਰ ਨੂੰ ਮਿਲਣ ਗਏ ਉਸ ਦੇ ਮਾਪੇ ਪਿਛਲੇ ਚਾਰ ਮਹੀਨਿਆਂ ਤੋਂ ਕੈਨੇਡਾ ਵਿਚ ਹੀ ਹਨ।

ਸਰਬਜਿੰਦਰ ਦੇ ਮਾਪਿਆਂ ਦਾ ਕੈਨੇਡਾ ਵਿੱਚ ਹੋਣ ਕਾਰਨ ਉਸ ਦਾ ਸਸਕਾਰ ਅੱਜ ਕੈਨੇਡਾ ਵਿੱਚ ਹੀ ਕੀਤਾ ਜਾਵੇਗਾ। ਕੈਨੇਡਾ ਵਿੱਚ ਵਸਦੇ ਪੰਜਾਬੀ ਭਾਈਚਾਰੇ ਨੇ ਉਸ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਉਹਨਾਂ ਨਾਲ ਹਮਦਰਦੀ ਜਤਾਈ।