ਭਗਵੰਤ ਮਾਨ ਦੀ ਕੀਤੀ ਟਿੱਪਣੀ ਤੇ ਫੂਲਕਾ ਦਾ ਠੋਕਵਾਂ ਜੁਆਬ

 hs-phoolka-vs-bhagwant-mann

ਆਮ ਆਦਮੀ ਪਾਰਟੀ ਪੰਜਾਬ ਦੇ ਸਾਬਕਾ ਮੈਂਬਰ ਫੂਲਕਾ ਨੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਦੀ ਟਿਪਣੀ ਦਾ ਠੋਕਵਾਂ ਜੁਆਬ ਦਿੱਤਾ ਹੈ। ਫੂਲਕਾ ਨੇ ਕਿਹਾ ਕਿ ਦਾਖਾ ਵਿੱਚ ਹੋਣ ਜਾ ਰਹੀਆਂ ਜ਼ਿਮਨੀ ਚੋਣਾਂ ਦਾ ਹਰ ਤਰਾਂ ਦਾ ਖਰਚਾ ਕਰਨ ਦੇ ਲਈ ਤਿਆਰ ਹਨ। ਫੂਲਕਾ ਨੇ ਭਗਵੰਤ ਮਾਨ ਨੂੰ ਕਿਹਾ ਕਿ ਉਹ ਆਪਣੇ ਆਕਾ ਅਰਵਿੰਦ ਕੇਜਰੀਵਾਲ ਨੂੰ ਇਹ ਪੁੱਛ ਲੈਣ ਕਿ ਉਹ ਇਸ ਤਰਾਂ ਦਾ ਖਰਚਾ ਭਰਨ ਦੇ ਲਈ ਤਿਆਰ ਹੋਣਗੇ।

ਹਰਵਿੰਦਰ ਸਿੰਘ ਫੂਲਕਾ ਦਾ ਕਹਿਣਾ ਹੈ ਕਿ ਉਹਨਾਂ ਨੇ ਆਪਣੇ ਹਲਕੇ ਦਾਖਾ ਦੇ ਵਿੱਚ ਆਪਣੇ ਨਿੱਜੀ ਪੈਸੇ ਨਾਲ ਮੋਬਾਇਲ ਹਸਪਤਾਲ ਚਲਾਉਣ ਦੇ ਨਾਲ-ਨਾਲ ਕਈ ਸਕੂਲਾਂ ‘ਚ ਆਪਣੇ ਖਰਚੇ ‘ਤੇ ਸਮਾਰਟ ਕਲਾਸ ਰੂਮ ਸਥਾਪਤ ਕਰ ਚੁੱਕੇ ਹਨ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਇਸ ਪ੍ਰੋਜੈਕਟ ਦੇ ਵਿੱਚ ਆਇਆ ਖਰਚਾ 1 ਕਰੋੜ ਦੇ ਆਸਪਾਸ ਦਾ ਹੈ। ਇਸ ਤੋਂ ਬਾਅਦ ਹਰਵਿੰਦਰ ਸਿੰਘ ਫੂਲਕਾ ਨੇ ਭਗਵੰਤ ਮਾਨ ਤੋਂ ਪੁੱਛਿਆ ਕਿ ਕੀ ਕੇਜਰੀਵਾਲ ਉਕਤ ਧਨ ਰਾਸ਼ੀ ਜਮ੍ਹਾ ਕਰਵਾਉਣ ਲਈ ਤਿਆਰ ਹਨ।

ਜ਼ਰੂਰ ਪੜ੍ਹੋ: ਬੁੱਢੇ ਨਾਲੇ ਦੀ ਸਮੱਸਿਆ ਤੋਂ ਪਰੇਸ਼ਾਨ ਲੋਕਾਂ ਦਾ ਸਰਕਾਰ ਤੋਂ ਵਿਸ਼ਵਾਸ ਉੱਠਿਆ

ਹਰਵਿੰਦਰ ਸਿੰਘ ਫੂਲਕਾ ਦਾ ਕਹਿਣਾ ਹੈ ਕਿ ਜੇਕਰ ਚੋਣ ਕਮਿਸ਼ਨ ਕੋਈ ਅਜਿਹਾ ਫੈਸਲਾ ਲੈਂਦਾ ਹੈ ਕਿ ਕਿਸੇ ਦੇ ਅਸਤੀਫਾ ਦੇਣ ਕਾਰਣ ਹੋਣ ਵਾਲੀ ਉਪ ਚੋਣ ਦਾ ਖਰਚਾ ਉਸ ‘ਤੇ ਪਾਇਆ ਜਾਵੇ ਤਾਂ ਉਹ ਉਸ ਦਾ ਸਵਾਗਤ ਕਰਨਗੇ। ਫੂਲਕਾ ਨੇ ਕਿਹਾ ਕਿ ਲੋਕਤੰਤਰ ‘ਚ ਰੋਸ ਪ੍ਰਗਟ ਕਰਨ ਲਈ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਸਭ ਤੋਂ ਵੱਡਾ ਲੋਕਤੰਤਰੀ ਹਥਿਆਰ ਮੰਨਿਆ ਜਾਂਦਾ ਹੈ ਅਤੇ ਮੈਂ ਬੇਅਦਬੀ ਦੇ ਮਾਮਲੇ ‘ਤੇ ਇਸ ਕਾਰਣ ਆਪਣਾ ਅਸਤੀਫਾ ਦਿੱਤਾ।