ਪੰਜਾਬ ’ਚ ਸਵਾਈਨ ਫਲੂ ਕਰਕੇ ਹੁਣ ਤੱਕ 10 ਮੌਤਾਂ , ਲਗਾਤਾਰ ਵਧਦੀ ਜਾ ਰਹੀ ਮਰੀਜ਼ਾਂ ਦੀ ਗਿਣਤੀ

swine flu in punjab

ਪੰਜਾਬ ਵਿੱਚ ਸਵਾਈਨ ਫਲੂ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਜ਼ਿਲ੍ਹਾ ਲੁਧਿਆਣਾ ਵਿੱਚ ਸਵਾਈਨ ਫਲੂ ਨਾਲ ਅੱਜ ਤਕ 6 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਅੱਜ ਕੁਮਕਲਾਂ ਦੇ ਰਹਿਣ ਵਾਲੇ 34 ਸਾਲਾ ਮਰੀਜ਼ ਦੀ ਦਇਆਨੰਦ ਹਸਪਤਾਲ ਵਿੱਚ ਮੌਤ ਹੋ ਗਈ।

ਮਹਾਨਗਰ ਦੇ ਹਸਪਤਾਲਾਂ ਵਿੱਚ ਹੁਣ ਤਕ ਸਵਾਈਨ ਫਲੂ ਦੇ 75 ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿੱਚੋਂ 32 ਮਰੀਜ਼ ਲੁਧਿਆਣਾ ਦੇ ਹਨ, ਜਿਨ੍ਹਾਂ ਵਿੱਚੋਂ 18 ਮਰੀਜ਼ਾਂ ਨੂੰ ਸਵਾਈਨ ਫਲੂ ਦੀ ਪੁਸ਼ਟੀ ਹੋ ਚੁੱਕੀ ਹੈ। ਸਿਹਤ ਅਧਿਕਾਰੀਆਂ ਮੁਤਾਬਕ ਹੁਣ ਤਕ 6 ਮਰੀਜ਼ਾਂ ਦੀ ਇਸ ਬਿਮਾਰੀ ਨਾਲ ਮੌਤ ਹੋ ਚੁੱਕੀ ਹੈ ਜਿਸ ਵਿੱਚੋਂ 5 ਮਰੀਜ਼ ਸਿਰਫ ਲੁਧਿਆਣਾ ਦੇ ਹਨ।

ਲੁਧਿਆਣਾ ਤੋਂ ਸਵਾਈਨ ਫਲੂ ਦੇ ਨੋਡਲ ਅਫ਼ਸਰ ਡਾ. ਪਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਪਹਿਲੀ ਜਨਵਰੀ ਤੋਂ ਹੁਣ ਤਕ ਸਵਾਈਨ ਫਲੂ ਦੇ 32 ਮਰੀਜ਼ ਦਰਜ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸਵਾਈਨ ਫਲੂ ਦੇ ਲੱਛਣ ਆਮ ਫਲੂ ਵਰਗੇ ਹੀ ਹੁੰਦੇ ਹਨ ਪਰ ਜੇ ਕਿਸੇ ਨੂੰ ਸਾਹ ਲੈਣ ਵਿੱਚ ਪ੍ਰੇਸ਼ਾਨੀ ਆਏ ਤਾਂ ਤੁਰੰਤ ਡਾਕਟਰ ਕੋਲ ਜਾਣਾ ਚਾਹੀਦਾ ਹੈ।

ਉੱਧਰ ਫ਼ਰੀਦਕੋਟ ਵਿੱਚ ਵੀ ਸਵਾਈਨ ਫਲੂ ਨਾਲ ਇੱਕ ਸਾਲ ਦੀ ਮਾਸੂਮ ਬੱਚੀ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਵੀ ਸਵਾਈਨ ਫਲੂ ਦੇ ਦੋ ਹੋਰ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ ਇੱਕ ਦਾ ਫ਼ਰੀਦਕੋਟ ਦੇ ਮੈਡੀਕਲ ਹਸਪਤਾਲ ਅਤੇ ਦੂਜੇ ਦਾ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

Source:AbpSanjha