ਰਾਜੀਵ ਗਾਂਧੀ ਦੇ ਬੁੱਤ ਨਾਲ ਪੰਗਾ ਲੈਣ ਵਾਲੇ ਦੇ ਰਿਸ਼ਤੇਦਾਰ ਨੂੰ ਰਗੜਾ, ਡੇਗੀ ਇਮਾਰਤ

ਚੰਡੀਗੜ੍ਹ: ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਵੱਲੋਂ ਬੀਤੇ ਦਿਨ ਰਾਜੀਵ ਗਾਂਧੀ ਦੇ ਬੁੱਤ ’ਤੇ ਕਾਲਖ਼ ਮਲਣ ਪਿੱਛੋਂ ਅੱਜ ਉਸ ਦੇ ਭਰਾ ਸਿਰ ਗਾਜ ਆ ਡਿੱਗੀ। ਦਰਅਸਲ ਗੋਸ਼ਾ ਦੇ ਭਰਾ ਨੇ ਇੱਕ ਇਮਾਰਤ ਬਣਵਾਈ ਸੀ ਜਿਸ ਨੂੰ ਅੱਜ ਨਗਰ ਨਿਗਮ ਵੱਲੋਂ ਤੋੜਿਆ ਜਾ ਰਿਹਾ ਹੈ। ਇਲਜ਼ਾਮ ਹੈ ਕਿ ਇਸ ਇਮਾਰਤ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਬਣਾਇਆ ਗਿਆ ਹੈ।

ਨਗਰ ਨਿਗਮ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਇਹ ਇਮਾਰਤ ਗ਼ਲਤ ਤਰੀਕੇ ਨਾਲ ਬਣਾਈ ਗਈ ਹੈ। ਇਸ ਲਈ ਉਹ ਇਮਾਰਤ ’ਤੇ ਕਾਰਵਾਈ ਕਰ ਰਹੇ ਹਨ। ਉੱਧਰ ਗੋਸ਼ਾ ਦੇ ਰਿਸ਼ਤੇਦਾਰ ਦਾ ਕਹਿਣਾ ਹੈ ਕਿ ਇਮਾਰਤ ਬਣਵਾਉਣ ਤੋਂ ਪਹਿਲਾਂ ਉਸ ਨੇ ਨਗਰ ਨਿਗਮ ਤੋਂ ਨਕਸ਼ਾ ਪਾਸ ਕਰਵਾਇਆ ਸੀ।

ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਯੂਥ ਅਕਾਲੀ ਦਲ ਦੇ ਸੀਨੀਅਰ ਲੀਡਰ ਗੁਰਦੀਪ ਗੋਸ਼ਾ ਤੇ ਮੀਤਪਾਲ ਦੁੱਗਰੀ ਨੇ ਰਾਜੀਵ ਗਾਂਧੀ ਦੇ ਬੁੱਤ ਨੂੰ ਕਾਲੇ-ਲਾਲ ਰੰਗ ਵਿੱਚ ਰੰਗ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਕਿਹਾ ਸੀ ਕਿ ਰਾਜੀਵ ਗਾਂਧੀ ਹੀ 1984 ‘ਚ ਸਿੱਖਾਂ ਦੇ ਕਤਲਾਂ ਦਾ ਮਾਸਟਰਮਾਈਂਡ ਸੀ।

ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਨੂੰ ਆਪਣੇ ਕੀਤੇ ਦਾ ਕੋਈ ਪਛਤਾਵਾ ਨਹੀਂ। ਪੁਲਿਸ ਨੇ ਗੁਰਦੀਪ ਗੋਸ਼ਾ ਨੂੰ ਗ੍ਰਿਫਤਾਰ ਕਰ ਲਿਆ ਸੀ ਤੇ ਅੱਜ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਮੀਤਪਾਲ ਦੁੱਗਰੀ ਨੇ ਅੱਜ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ ਹੈ।

Source:AbpSanjha

Ludhiana News Headline ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ