ਰਾਜੀਵ ਗਾਂਧੀ ਦੇ ਬੁੱਤ ਦੀ ਹੱਤਕ ਕਰਨ ਵਾਲਿਆਂ ‘ਤੇ ਕੇਸ ਦਰਜ, ਇੱਕ ਗ੍ਰਿਫ਼ਤਾਰ

ਲੁਧਿਆਣਾ: ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਬੁੱਤ ‘ਤੇ ਕਾਲਖ਼ ਮਲਣ ਸਬੰਧੀ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ ਅਤੇ ਇਸ ਸਬੰਧੀ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ। ਲੁਧਿਆਣਾ ਪੁਲਿਸ ਨੇ ਅੱਠ ਤੋਂ 10 ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ ਦੋ ਦੀ ਸ਼ਨਾਖ਼ਤ ਹੋਈ ਹੈ।

ਲੁਧਿਆਣਾ ਦੇ ਉਪ ਕਮਿਸ਼ਨ, ਪੁਲਿਸ ਅਸ਼ਵਨੀ ਕਪੂਰ ਨੇ ਦੱਸਿਆ ਕਿ ਰਾਜੀਵ ਗਾਂਧੀ ਦੇ ਬੁੱਤ ‘ਤੇ ਕਾਲਖ਼ ਮਲਣ ਦੇ ਮਾਮਲੇ ਵਿੱਚ ਐਫਆਈਆਰ ਨੰਬਰ 431, ਭਾਰਤੀ ਸੰਵਿਧਾਨ ਦੀ ਧਾਰਾ 153ਏ (ਆਈਪੀਸੀ) ਅਤੇ 68 ਆਈਟੀ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਯੂਥ ਅਕਾਲੀ ਆਗੂ ਗੁਰਦੀਪ ਸਿੰਘ ਗੋਸ਼ਾ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ।

ਦਰਅਸਲ, ਲੁਧਿਆਣਾ ਤੋਂ ਯੂਥ ਅਕਾਲੀ ਦਲ ਦੇ ਪ੍ਰਧਾਨ ਗਰਦੀਪ ਸਿੰਘ ਗੋਸ਼ਾ ਤੇ ਮੀਤਪਾਲ ਸਿੰਘ ਦੁੱਗਰੀ ਨੇ ਅੱਜ ਸਵੇਰੇ ਲੁਧਿਆਣਾ ਦੇ ਸਲੇਮ ਟਾਬਰੀ ਇਲਾਕੇ ਵਿੱਚ ਰਾਜੀਵ ਗਾਂਧੀ ਦੇ ਬੁੱਤ ‘ਤੇ ਕਾਲਖ਼ ਮਲ ਦਿੱਤੀ ਤੇ ਬੁੱਤ ਦੇ ਹੱਥਾਂ ‘ਤੇ ਲਾਲ ਰੰਗ ਕਰ ਦਿੱਤਾ ਸੀ। ਇਸ ਤੋਂ ਬਾਅਦ ਅਕਾਲੀ ਤੇ ਕਾਂਗਰਸੀ ਆਹਮੋ-ਸਾਹਮਣੇ ਹਨ। ਕਾਂਗਰਸੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਤਸਵੀਰ ‘ਤੇ ਕਾਲਖ਼ ਮਲ ਕੇ ਆਪਣੀ ਭੜਾਸ ਕੱਢੀ।

ਉੱਥੇ ਹੀ ਸਿਆਸੀ ਸਫ਼ਾਂ ਵਿੱਚ ਵੀ ਇਹ ਮਾਮਲਾ ਚਰਚਾ ਦਾ ਵਿਸ਼ਾ ਰਿਹਾ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਘਟਨਾ ਦੀ ਨਿੰਦਿਆ ਕਰਦਿਆਂ ਕਿਹਾ ਕਿ ਸੁਖਬੀਰ ਬਾਦਲ ਇਸ ਸ਼ਰਮਨਾਕ ਕਾਰੇ ‘ਤੇ ਮੁਆਫ਼ੀ ਮੰਗੇ। ਉਨ੍ਹਾਂ ਪੁਲਿਸ ਨੂੰ ਅਜਿਹਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਸਨ। ਉੱਧਰ, ਸੁਖਬੀਰ ਬਾਦਲ ਨੇ ਵੀ ਕੈਪਟਨ ‘ਤੇ ਪਲਟਵਾਰ ਕਰਦਿਆਂ ਕਿਹਾ ਕਿ ਕੈਪਟਨ ’84 ਸਿੱਖ ਕਤਲੇਆਮ ਦੇ ਦੋਸ਼ੀਆਂ ਦੀ ਹਮਾਇਤ ਕਰ ਰਹੇ ਹਨ। ਉਨ੍ਹਾਂ ਇੱਥੋਂ ਤਕ ਕਹਿ ਦਿੱਤਾ ਕੈਪਟਨ ਆਪ ਗਾਂਧੀ ਪਰਿਵਾਰ ਦੇ ਮੂੰਹ ‘ਤੇ ਕਾਲਖ਼ ਮਲਣ।

Source:AbpSanjha

Ludhiana News Headline ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ