Farmer Protest Against Ordinance: ਕਿਸਾਨਾਂ ਦੇ ਨਾਲ-ਨਾਲ ਸਿਆਸੀ ਪਾਰਟੀਆਂ ਨੇ ਵੀ ਮੱਲਿਆ ਆਰਡੀਨੈਂਸਾਂ ਦੇ ਖਿਲਾਫ ਪਿੜ

farmer-protest-against-agriculture-ordinance-bill-act

Farmer Protest Against Ordinance: ਖੇਤੀ ਆਰਡੀਨੈਂਸਾਂ ਖ਼ਿਲਾਫ਼ ਪੰਜਾਬ ਦਾ ਪਾਰਾ ਚੜ੍ਹ ਗਿਆ ਹੈ। ਕਿਸਾਨਾਂ ਦੇ ਨਾਲ-ਨਾਲ ਸਿਆਸੀ ਪਾਰਟੀਆਂ ਨੇ ਵੀ ਪਿੜ ਮੱਲ ਲਿਆ ਹੈ। ਇਸ ਵੇਲੇ ਸਿਰਫ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਨੂੰ ਛੱਡ ਪੰਜਾਬ ਦੀ ਹਰ ਧਿਰ ਖੇਤੀ ਆਰਡੀਨੈਂਸਾਂ ਖ਼ਿਲਾਫ਼ ਡਟ ਗਈ ਹੈ। ਅੱਜ ਤੋਂ ਸ਼ੁਰੂ ਹੋਣ ਜਾ ਰਹੇ ਪਾਰਲੀਮੈਂਟ ਇਜਲਾਸ ਵਿੱਚ ਮੁੱਦਾ ਪੂਰੀ ਤਰ੍ਹਾਂ ਗੂੰਜੇਗਾ। ਇਸ ਲਈ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਵੀ ਕਮਰ ਕੱਸ ਲਈ ਹੈ। ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਸੰਸਦ ਮੈਂਬਰ ਪਾਰਲੀਮੈਂਟ ਵਿੱਚ ਅਕਾਲੀ ਦਲ ਤੇ ਬੀਜੇਪੀ ਨੂੰ ਘੇਰਨਗੇ, ਉੱਥੇ ਹੀ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਪੰਜਾਬ ਵਿੱਚ ਸੰਘਰਸ਼ ਦੀ ਬਿਗੁਲ ਵਜਾਉਗੇ।

ਦੱਸ ਦਈਏ ਕਿ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅੱਜ ਹਰੀਕੇ ਹੈੱਡ, ਬਿਆਸ ਪੁਲ ਤੇ ਟਾਂਡਾ ਹਰਗੋਬਿੰਦਪੁਰ ਪੁਲ ’ਤੇ ਸੰਕੇਤਕ ਰੂਪ ਵਿੱਚ ਜਾਮ ਲਾਏ ਜਾ ਰਹੇ ਹਨ। ਕਮੇਟੀ ਨੇ ਹੁਣ ਛੇ ਦੀ ਬਜਾਏ ਤਿੰਨ ਜ਼ਿਲ੍ਹਿਆਂ ਵਿੱਚ ਮੋਰਚਾ ਭਖਾ ਲਿਆ ਹੈ। ਇਹ ਵੀ ਅਹਿਮ ਹੈ ਕਿ ਪੰਜਾਬ ਸਰਕਾਰ ਨੇ ਕਿਸਾਨ ਅੰਦੋਲਨ ਪ੍ਰਤੀ ਸੁਰ ਨਰਮ ਰੱਖੀ ਹੋਈ ਹੈ। ਇਸ ਲਈ ਕਿਸਾਨਾਂ ਦੇ ਹੌਂਸਲੇ ਹੋਰ ਬੁਲੰਦ ਹੋ ਗਏ ਹਨ।

ਇਹ ਵੀ ਪੜ੍ਹੋ: Farmer Protest News: ਬੱਬੂ ਮਾਨ ਤੋਂ ਇਲਾਵਾ ਪੰਜਾਬੀ ਇੰਡਸਟਰੀ ਦੇ ਇਹਨਾਂ ਕਲਾਕਾਰਾਂ ਨੇ ਕਿਸਾਨਾਂ ਦੇ ਹੱਕ ਵਿੱਚ ਮਾਰਿਆ ਹਾਂਅ ਦਾ ਨਾਅਰਾ

ਭਾਰਤੀ ਕਿਸਾਨ ਯੂਨੀਅਨ (ਡਕੌਂਦਾ), ਪੰਜਾਬ ਕਿਸਾਨ ਯੂਨੀਅਨ, ਜਮਹੂਰੀ ਕਿਸਾਨ ਸਭਾ, ਆਲ ਇੰਡੀਆ ਕਿਸਾਨ ਯੂਨੀਅਨ, ਕਿਰਤੀ ਕਿਸਾਨ ਯੂਨੀਅਨ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਸਮੇਤ 10 ਕਿਸਾਨ ਧਿਰਾਂ ਵੱਲੋਂ 14 ਸਤੰਬਰ ਨੂੰ ਬਰਨਾਲਾ, ਮੋਗਾ, ਫਗਵਾੜਾ, ਪਟਿਆਲਾ ਤੇ ਅੰਮ੍ਰਿਤਸਰ ’ਚ ਖੇਤੀ ਆਰਡੀਨੈਂਸਾਂ ਖ਼ਿਲਾਫ਼ ‘ਲਲਕਾਰ ਰੈਲੀਆਂ’ ਕੀਤੀਆਂ ਜਾਣਗੀਆਂ। ਦਾਅਵਾ ਕੀਤਾ ਜਾ ਰਿਹਾ ਹੈ ਕਿ ਬਰਨਾਲਾ ਦੀ ‘ਲਲਕਾਰ ਰੈਲੀ’ ਵਿੱਚ 15 ਹਜ਼ਾਰ ਕਿਸਾਨ ਇਕੱਠੇ ਹੋਣਗੇ। ਵੇਰਵਿਆਂ ਅਨੁਸਾਰ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ 15 ਸਤੰਬਰ ਨੂੰ ਪਿੰਡ ਬਾਦਲ ਤੇ ਪਟਿਆਲਾ ’ਚ ਕਿਸਾਨ ਮੋਰਚਾ ਲਾਇਆ ਜਾ ਰਿਹਾ ਹੈ ਜੋ ਛੇ ਦਿਨ ਚੱਲੇਗਾ। ਬੀਕੇਯੂ (ਰਾਜੇਵਾਲ) ਤੇ ਬੀਕੇਯੂ (ਲੱਖੋਵਾਲ) ਸਮੇਤ ਦਰਜਨ ਕਿਸਾਨ ਜਥੇਬੰਦੀਆਂ ਵੱਲੋਂ ਵੀ 15 ਸਤੰਬਰ ਨੂੰ ਦੋ ਘੰਟੇ ਲਈ ਸੜਕੀ ਜਾਮ ਲਾਇਆ ਜਾਵੇਗਾ।