ਬਜਟ 2019: ਇੱਕ ਨਵੇਂ ਏਮਜ਼ ਦਾ ਐਲਾਨ , ਦੇਸ਼ ਦਾ 22ਵਾਂ ਏਮਜ਼ ਹਰਿਆਣਾ ‘ਚ ਬਣਾਇਆ ਜਾਵੇਗਾ

Finance Minister Piyush Goyal

ਵਿੱਤ ਮੰਤਰੀ ਪਿਊਸ਼ ਗੋਇਲ ਮੋਦੀ ਸਰਕਾਰ ਦਾ ਆਖਰੀ ਬਜਟ ਪੇਸ਼ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਇੱਕ ਨਵੇਂ ਏਮਜ਼ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਬਜਟ ਭਾਸ਼ਣ ‘ਚ ਕਿਹਾ ਕਿ ਦੇਸ਼ ਦਾ 22ਵਾਂ ਏਮਜ਼ ਹਰਿਆਣਾ ‘ਚ ਬਣਾਇਆ ਜਾਵੇਗਾ। ਅਜੇ ਦੇਸ਼ ‘ਚ 21 ਏਮਜ਼ ਦਾ ਨਿਰਮਾਣ ਕਾਰਜ ਚੱਲ ਰਿਹਾ ਹੈ। ਇੱਥੇ ਗੌਰ ਕਰਨ ਵਾਲੀ ਗੱਲ ਹੈ ਕਿ ਇਨ੍ਹਾਂ 21 ਵਿੱਚੋਂ 14 ਏਮਜ਼ ਦਾ ਐਲਾਨ ਮੋਦੀ ਸਰਕਾਰ ਨੇ ਸਾਲ 2014 ‘ਚ ਸੱਤਾ ‘ਚ ਆਉਣ ਤੋਂ ਬਾਅਦ ਕੀਤਾ ਹੈ।

ਬਜਟ ਦੌਰਾਨ ਵਿੱਤ ਮੰਤਰੀ ਪਿਊਸ਼ ਗੋਇਲ ਨੇ ਆਯੂਸ਼ਮਾਨ ਭਾਰਤ ਯੋਜਨਾ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਇਹ ਦੁਨੀਆ ਦੀ ਸਭ ਤੋਂ ਵੱਡੀ ਹੈਲਥ ਸਕੀਮ ਹੈ। ਵਿੱਤ ਮੰਤਰੀ ਨੇ ਕਿਹਾ ਕਿ ਇਸ ਯੋਜਨਾ ਨਾਲ ‘ਚ ਦੇਸ਼ ਦੇ 50 ਕਰੋੜ ਲੋਕਾਂ ਨੂੰ ਫਾਇਦਾ ਹੋ ਰਿਹਾ ਹੈ।

ਵਿੱਤ ਮੰਤਰੀ ਗੋਇਲ ਮੁਤਾਬਕ ਹੁਣ ਤਕ 10 ਲੱਖ ਲੋਕ ਇਸ ਸਕੀਮ ਦਾ ਫਾਇਦਾ ਚੁੱਕ ਰਹੇ ਹਨ। ਇਸ ਸਕੀਮ ਦਾ ਫਾਇਦਾ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਇਸ ਨਾਲ ਗਰੀਬ ਲੋਕਾਂ ਨੂੰ 3 ਹਜ਼ਾਰ ਕਰੋੜ ਰੁਪਏ ਦਾ ਫਾਇਦਾ ਹੋਇਆ ਹੈ।

ਮੋਦੀ ਸਰਕਾਰ ‘ਚ ਪਿਊਸ਼ ਪਹਿਲੀ ਵਾਰ ਬਜਟ ਪੇਸ਼ ਕਰ ਰਹੇ ਹਨ। ਅਰੁਣ ਜੇਟਲੀ ਦੀ ਤਬੀਅਤ ਖ਼ਰਾਬ ਹੋਣ ਕਾਰਨ ਮੋਦੀ ਸਰਕਾਰ ਦਾ ਆਖਰੀ ਬਜਟ ਪਿਊਸ਼ ਗੋਇਲ ਪੇਸ਼ ਕਰ ਰਹੇ ਹਨ। ਇਸ ਬਜਟ ਨੂੰ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਦੇਖ ਰਹੇ ਹਨ।

Source:AbpSanjha