ਰਾਹੁਲ ਗਾਂਧੀ ਦੇ ਅਸਤੀਫ਼ੇ ਤੋਂ ਬਾਅਦ ਪ੍ਰਿਅੰਕਾ ਗਾਂਧੀ ਨੇ ਦਿੱਤਾ ਵੱਡਾ ਬਿਆਨ

Priyanka Gandhi Rahul Gandhi

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਅਸਤੀਫੇ ਦੇਣ ਮਗਰੋਂ ਪ੍ਰਿਅੰਕਾ ਗਾਂਧੀ ਨੇ ਆਪਣੇ ਭਰਾ ਰਾਹੁਲ ਗਾਂਧੀ ਦੀ ਤਾਰੀਫ ਕੀਤੀ ਹੈ। ਪ੍ਰਿਅੰਕਾ ਗਾਂਧੀ ਦਾ ਕਹਿਣਾ ਹੈ ਕਿ ਜੋ ਰਾਹੁਲ ਨੇ ਕੀਤਾ ਅਜਿਹਾ ਕਰਨ ਦੀ ਹਿੰਮਤ ਕੁਝ ਹੀ ਲੋਕਾਂ ਵਿੱਚ ਹੁੰਦੀ ਹੈ। ਸਾਰੇ ਲੋਕ ਅਜਿਹਾ ਕੰਮ ਨਹੀਂ ਕਰ ਸਕਦੇ। ਪ੍ਰਿਅੰਕਾ ਨੇ ਟਵੀਟ ਕਰਕੇ ਇਹ ਗੱਲ਼ ਕਹੀ ਹੈ।

ਅਮੇਠੀ ਵਿਚ ਮਿਲੀ ਹਾਰ ਤੋਂ ਬਾਅਦ ਕਾਂਗਰਸ ਪ੍ਰਧਾਨ ਵਜੋਂ ਜ਼ਿੰਮੇਵਾਰੀ ਲੈਂਦਿਆਂ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਪ੍ਰਧਾਨਗੀ ਛੱਡਣ ਦਾ ਐਲਾਨ ਕੀਤਾ ਹੈ। ਰਾਹੁਲ ਪਿਛਲੇ ਕਈ ਦਿਨਾਂ ਤੋਂ ਅਹੁਦਾ ਛੱਡਣ ਲਈ ਬਜ਼ਿੱਦ ਸਨ, ਉਹਨਾਂ ਨੇ ਕਾਂਗਰਸ ਵਰਕਿੰਗ ਕਮੇਟੀ ਅੱਗੇ ਆਪਣਾ ਅਸਤੀਫ਼ਾ ਪਹਿਲਾਂ ਹੀ ਰੱਖ ਦਿੱਤਾ ਸੀ। ਰਾਹੁਲ ਦੇ ਇਸ ਐਲਾਨ ਨਾਲ ਕਾਂਗਰਸ ਲਈ ਨਵਾਂ ਪ੍ਰਧਾਨ ਥਾਪਣ ਲਈ ਰਾਹ ਪੱਧਰਾ ਹੋ ਗਿਆ ਹੈ। ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਅਹਿਮਦ ਪਟੇਲ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਹਮੇਸ਼ਾਂ ਉਨ੍ਹਾਂ ਦੇ ਲੀਡਰ ਰਹਿਣਗੇ।

ਰਾਹੁਲ ਨੇ ਚਿੱਠੀ ਵਿੱਚ ਲਿਖਿਆ ਸੀ ਕਿ ਹੁਣ ਉਹ ਕਾਂਗਰਸ ਦੇ ਪ੍ਰਧਾਨ ਨਹੀਂ ਹਨ। ਉਹਨਾਂ ਨੇ ਇਹ ਚਿੱਠੀ ਬਾਅਦ ਵਿੱਚ ਟਵਿੱਟਰ ਦੇ ਉੱਪਰ ਵੀ ਸਾਂਝੀ ਕੀਤੀ ਸੀ। ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਆਰਐਸਐਸ ਖਿਲਾਫ਼ ਛੇੜੀ ਲੜਾਈ ਵਿੱਚ ਇਕੱਲਿਆਂ ਰਹਿਣ ਦੇ ਬਾਵਜੂਦ ਉਨ੍ਹਾਂ ਨੂੰ ਇਸ ਗੱਲ ’ਤੇ ਮਾਣ ਹੈ।