ਫ਼ਤਹਿਵੀਰ ਦੀ ਮੌਤ ਮਗਰੋਂ ਭੜਕੇ ਲੋਕ, ਕੀਤੀ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫ਼ੇ ਦੀ ਮੰਗ

Fatehveer Singh

ਫ਼ਤਹਿਵੀਰ ਦੀ ਮੌਤ ਦੇ ਬਾਅਦ ਲੋਕਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਲਾਉਣੀ ਸ਼ੁਰੂ ਕਰ ਦਿੱਤੀ ਹੈ। ਭੜਕੇ ਹੋਏ ਲੋਕਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਸੰਗਰੂਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਬਾਹਰ ਧਰਨਾ ਸ਼ੁਰੂ ਕਰ ਦਿੱਤਾ ਹੈ। ਸੰਗਰੂਰ ਅਤੇ ਸੁਨਾਮ ਨੂੰ ਪੂਰੀ ਤਰਾਂ ਬੰਦ ਕਰ ਦਿੱਤਾ ਹੈ। ਲੋਕਾਂ ਨੇ ਗੁੱਸੇ ਵਿੱਚ ਆ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ।

ਪਰ ਡੀਸੀ ਦਫ਼ਤਰ ਵੱਲੋਂ ਇਹ ਬਿਆਨ ਆਏ ਨੇ ਕਿ ਰੈਸਕਿਊ ਆਪਰੇਸ਼ਨ ਵਿੱਚ ਕੋਈ ਕਮੀ ਨਹੀਂ ਛੱਡੀ ਗਈ ਸੀ। ਉਹਨਾਂ ਇਹ ਵੀ ਦੱਸਿਆ ਹੈ ਕਿ ਇਹ ਅੱਜ ਤੱਕ ਦਾ ਸਭ ਤੋਂ ਵੱਡਾ ਰੈਸਕਿਊ ਆਪਰੇਸ਼ਨ ਸੀ। ਉਹਨਾਂ ਕਿਹਾ ਕਿ ਜੇਕਰ ਫ਼ੌਜ ਨੂੰ ਸੱਦਾ ਦਿੱਤਾ ਜਾਂਦਾ ਤਾਂ ਉਹਨਾਂ ਨੇ ਵੀ ਇਹ ਆਪਰੇਸ਼ਨ ਇਸ ਤਰਾਂ ਹੀ ਚਲਾਉਣਾ ਸੀ ਜਿਸ ਤਰਾਂ NDRF ਦੀ ਟੀਮ ਵਲੋਂ ਚਲਾਇਆ ਗਿਆ ਸੀ।

ਪਰ ਲੋਕਾਂ ਦੇ ਸਵਾਲ ਦਾ ਜੁਆਬ ਹਾਲੇ ਤੱਕ ਪੰਜਾਬ ਸਰਕਾਰ ਨੇ ਨਹੀਂ ਦਿੱਤਾ ਕਿ ਜੇਕਰ 6ਵੇਂ ਦਿਨ ਵੀ ਫ਼ਤਹਿ ਨੂੰ ਉਸ ਦੇਸੀ ਢੰਗ ਨਾਲ ਹੀ ਬਾਹਰ ਕੱਢਣਾ ਸੀ ਤਾਂ ਇੰਨਾ ਲੰਮਾ ਬਚਾਅ ਕਾਰਜ ਕਿਉਂ ਕੀਤਾ ਗਿਆ ? ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੂੰ ਕਿਸੇ ਦੇ ਬੱਚੇ ਦੀ ਕੋਈ ਪਰਵਾਹ ਨਹੀਂ ਹੈ। ਜੇਕਰ ਪਰਵਾਹ ਹੁੰਦੀ ਤਾਂ ਇਹ ਰੈਸਕਿਊ ਆਪਰੇਸ਼ਨ ਇੰਨਾ ਲੰਮਾ ਨਾ ਚੱਲਦਾ।

ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਮਿਸ਼ਨ ਫ਼ਤਹਿ 6 ਦਿਨ ਚੱਲਿਆ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ 5ਵੇਂ ਦਿਨ ਜਾਗ ਖੁੱਲ੍ਹੀ। ਉਹਨਾਂ ਕਿਹਾ ਕਿ ਅਸੀਂ ਪ੍ਰਸ਼ਾਸਨ ਦੇ ਨਾਲ ਲਗਾਤਾਰ ਸੰਪਰਕ ਵਿੱਚ ਹਾਂ। ਇੱਥੇ ਸਿਰਫ਼ ਪੰਜਾਬ ਸਰਕਾਰ ਦੀ ਨਾਲਾਇਕੀ ਹੀ ਸਾਹਮਣੇ ਆਈ ਹੈ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ NDRF ਟੀਮ ਵੱਲੋਂ ਸਿਰਫ ਤਜਰਬੇ ਤੇ ਤਜਰਬਾ ਕੀਤਾ ਗਿਆ ਪਰ ਬੱਚੇ ਨੂੰ ਬਾਹਰ ਨਹੀਂ ਕੱਢਿਆ ਜਾ ਸਕਿਆ। ਉਹਨਾਂ ਨੇ ਬੱਚੇ ਨੂੰ ਬੁਰੀ ਤਰਾਂ ਬੋਰਵੈੱਲ ਵਿੱਚੋਂ ਬਾਹਰ ਕੱਢਿਆ । ਇਸੇ ਲਈ ਲੋਕਾਂ ਨੇ ਰੋਸ ਪ੍ਰਤੀ ਅੱਜ ਸੰਗਰੂਰ ਅਤੇ ਸੁਨਾਮ ਦੇ ਸਾਰੇ ਬਾਜ਼ਾਰ ਬੰਦ ਰੱਖੇ ਹਨ ਤੇ ਡੀਸੀ ਦਫ਼ਤਰ ਦੇ ਅੱਗੇ ਧਰਨਾ ਜਾਰੀ ਹੈ।