ਕਰਤਾਰਪੁਰ ਲਾਂਘਾ: ਤਨਖ਼ਾਹ ਨਾ ਮਿਲਣ ਕਰਕੇ ਟਰੱਕ ਡਰਾਈਵਰਾਂ ਨੇ ਲਾਇਆ ਧਰਨਾ

Kartarpur-Sahib

ਕਰਤਾਰਪੁਰ ਲਾਂਘੇ ਲਈ ਸੜਕ ਬਣਾਉਣ ਦੇ ਕੰਮ ‘ਚ ਲੱਗੇ ਜੇਸੀਬੀ ਅਤੇ ਟਰੱਕ ਡਰਾਈਵਰਾਂ ਨੂੰ ਪਿਛਲੇ 2 ਮਹੀਨਿਆਂ ਤੋਂ ਤਨਖ਼ਾਹ ਨਹੀਂ ਮਿਲੀ। ਤਨਖ਼ਾਹ ਨਾ ਮਿਲਣ ਕਰਕੇ ਉਹਨਾਂ ਨੇ ਸਾਰਾ ਕੰਮ ਰੋਕ ਦਿੱਤਾ। ਕਾਮਿਆਂ ਅਤੇ ਟਰੱਕ ਡਰਾਈਵਰਾਂ ਨੇ ਕੰਸਟਰੱਕਸ਼ਨ ਕੰਪਨੀ ਸੀਗਲ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਪਿੰਡ ਠੇਠਰਕੇ ਵਿੱਚ ਬਣੇ ਪਲਾਂਟ ‘ਦੇ ਅੱਗੇ ਧਰਨਾ ਲਾ ਦਿੱਤਾ ਤੇ ਹੋ ਰਹੇ ਕੰਮ ਤੇ ਰੋਕ ਲਾ ਦਿੱਤੀ। ਮੰਗਲਵਾਰ ਸਵੇਰੇ 8 ਵਜੇ ਤੋਂ ਲੈ ਕੇ 12 ਵਜੇ ਤੱਕ ਧਰਨਾ ਲਾ ਕੇ ਕੰਸਟਰੱਕਸ਼ਨ ਕੰਪਨੀ ਸੀਗਲ ਇੰਡੀਆ ਪ੍ਰਾਈਵੇਟ ਲਿਮਟਿਡ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ।

ਪਤਾ ਲੱਗਾ ਹੈ ਕਿ ਸੜਕ ਅਤੇ ਕਰਤਾਰਪੁਰ ਲਾਂਘੇ ਦੀ ਉਸਾਰੀ ਲਈ ਦੂਰ-ਦੂਰ ਤੋਂ ਟਰੱਕ ਤੇ ਜੇਸੀਬੀ ਡ੍ਰਾਈਵਰ ਆਏ ਹੋਏ ਹਨ। ਇਹਨਾਂ ਟਰੱਕ ਤੇ ਜੇਸੀਬੀ ਡਰਾਈਵਰਾਂ ਨੂੰ ਪਿਛਲੇ 2 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ। ਇਹ ਵੀ ਪਤਾ ਲੱਗਿਆ ਹੈ ਕਿ ਕੁੱਝ ਡਰਾਈਵਰਾਂ ਨੂੰ ਅੱਧੀ ਤਨਖ਼ਾਹ ਦੇ ਕੇ ਹੀ ਕੰਮ ਸਾਰਿਆ ਜਾ ਰਿਹਾ ਹੈ। ਟਰੱਕ ਤੇ ਜੇਸੀਬੀ ਡਰਾਈਵਰਾਂ ਦਾ ਕਹਿਣਾ ਹੈ ਕਿ ਦੋ ਦਿਨ ਪਹਿਲਾਂ ਸਾਡੀ ਕੰਪਨੀ ਅਧਿਕਾਰੀਆਂ ਨਾਲ ਗੱਲ ਹੋਈ ਸੀ, ਜਿਸ ਦੌਰਾਨ ਉਨ੍ਹਾਂ 2 ਦਿਨਾਂ ਵਿੱਚ ਬਣਦੇ ਪੈਸੇ ਦੇਣ ਦੀ ਗੱਲ ਕਹੀ ਸੀ ਪਰ ਹਾਲੇ ਤੱਕ ਕੁਝ ਨਹੀਂ ਹੋਇਆ। ਇਸ ਤੋਂ ਤੰਗ ਆ ਕੇ ਮਜਬੂਰਨ ਕਾਮਿਆਂ ਨੂੰ ਧਰਨਾ ਦੇਣਾ ਪਿਆ।

ਸੀਗਲ ਇੰਡੀਆ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਵਾਈਸ ਪ੍ਰੈਜ਼ੀਡੈਂਟ ਜਤਿੰਦਰ ਸਿੰਘ ਨੇ ਦੱਸਿਆ ਕਿ ਟਰੱਕ ਤੇ ਜੇਸੀਬੀ ਡਰਾਈਵਰਾਂ ਨਾਲ ਗੱਲ ਹੋ ਚੁੱਕੀ ਹੈ। ਦੋ ਦਿਨਾਂ ਅੰਦਰ ਉਨ੍ਹਾਂ ਦੀ ਤਨਖਾਹ ਦੇ ਦਿੱਤੀ ਜਾਵੇਗੀ। ਉਨ੍ਹਾਂ ਦੀਆਂ ਤਨਖ਼ਾਹਾਂ ਵਿੱਚ ਇਸ ਲਈ ਦੇਰੀ ਹੋਈ ਹੈ, ਕਿਉਂਕਿ ਸਾਰੇ ਕੰਪਨੀ ਅਧਿਕਾਰੀ ਸੜਕ ਦੇ ਨਿਰਮਾਣ ਵਿੱਚ ਵਿਅਸਤ ਹਨ ਤੇ ਇਨ੍ਹਾਂ ਦੀ ਨੌਕਰੀ ਦੀ ਕਾਗਜ਼ੀ ਕਾਰਵਾਈ ਹਾਲੇ ਪੂਰੀ ਨਹੀਂ ਹੋਈ। ਇਸ ਲਈ ਦੇਰੀ ਹੋ ਰਹੀ ਸੀ।