ਪ੍ਰਸ਼ਾਸਨ ਦੀ ਸੁਸਤ ਕਾਰਗੁਜਾਰੀ ਨੇ ਲਈ ਫ਼ਤਹਿਵੀਰ ਸਿੰਘ ਦੀ ਜਾਨ

Fatehveer Singh

ਸੰਗਰੂਰ ਦੇ ਪਿੰਡ ਭਗਵਾਨਪੁਰਾ ਦੇ 150 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗਿਆ ਫ਼ਤਹਿ ਆਖਿਰ ਆਪਣੀ ਜ਼ਿੰਦਗੀ ਦੀ ਲੜਾਈ ਹਾਰ ਗਿਆ। ਫ਼ਤਹਿਵੀਰ ਸਿੰਘ ਨੂੰ ਅੱਜ ਸਵੇਰੇ 5:10 ਮਿੰਟ ਤੇ ਬੋਰਵੈੱਲ ਵਿੱਚੋਂ ਬਾਹਰ ਕੱਢਿਆ ਗਿਆ ਤੇ ਤਕਰੀਬਨ 8 ਕੁ ਵਜੇ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਵਿੱਚ ਭਰਤੀ ਕੀਤਾ ਗਿਆ। ਪਰ ਇੱਥੇ ਡਾਕਟਰਾਂ ਨੇ ਫ਼ਤਹਿ ਨੂੰ ਮ੍ਰਿਤਕ ਐਲਾਨਿਆ।

ਫ਼ਤਹਿਵੀਰ ਸਿੰਘ ਲਈ ਸਾਰੇ ਲੋਕਾਂ ਨੇ ਰੱਬ ਅੱਗੇ ਦੁਆਵਾਂ ਕੀਤੀਆਂ ਪਰ ਜ਼ਿੰਦਗੀ ਤੇ ਮੌਤ ਨਾਲ ਜੱਦੋ ਜਹਿਦ ਕਰਦਾ ਫ਼ਤਹਿ ਅੰਤ ਇਹ ਲੜਾਈ ਹਾਰ ਗਿਆ। ਡਾਕਟਰਾਂ ਨੇ ਹਾਲੇ ਪੂਰੀ ਜਾਣਕਾਰੀ ਨਹੀ ਦਿੱਤੀ ਕਿ ਉਸ ਦੀ ਮੌਤ ਕਦੋਂ ਹੋਈ ਹੈ। ਡਾਕਟਰਾਂ ਨੇ ਸਿਰਫ ਇੰਨਾ ਕਿਹਾ ਹੈ ਕਿ ਫ਼ਤਹਿ ਹੁਣ ਇਸ ਦੁਨੀਆਂ ਤੇ ਨਹੀਂ ਰਿਹਾ।

ਫ਼ਤਹਿਵੀਰ ਸਿੰਘ ਨੂੰ ਅੱਜ ਸਵੇਰੇ 5:10 ਮਿੰਟ ਤੇ ਬੋਰਵੈੱਲ ਵਿੱਚੋ ਬਾਹਰ ਕੱਢਿਆ ਗਿਆ। ਮੰਗਵਾਲ ਦੇ ਗੁਰਿੰਦਰ ਸਿੰਘ ਨੇ ਨਵੇਂ ਪੁੱਟੇ ਬੋਰਵੈੱਲ ਵਿੱਚੋੰ ਜਾ ਕੇ ਫਸੇ ਹੋਏ ਬੱਚੇ ਨੂੰ ਆਜ਼ਾਦ ਕੀਤਾ ਤੇ ਫਿਰ ਐਨਡੀਆਰਐਫ ਦੀਆਂ ਟੀਮਾਂ ਨੇ ਉਸ ਨੂੰ ਉੱਪਰ ਖਿੱਚ ਲਿਆ। ਬਾਹਰ ਕੱਢਣ ਤੁਰੰਤ ਸੜਕੀ ਮਾਰਗ ਰਾਹੀਂ ਉਸ ਨੂੰ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਵਿੱਚ ਭਰਤੀ ਕੀਤਾ ਗਿਆ।

ਫ਼ਤਹਿਵੀਰ ਦੇ ਮਾਪਿਆਂ ਅਤੇ ਮੌਕੇ ‘ਤੇ ਪਹੁੰਚੇ ਲੋਕਾਂ ਨੇ ਪੰਜਾਬ ਸਰਕਾਰ ਦੀ ਸੁਸਤ ਕਾਰਗੁਜ਼ਾਰੀ ਅਤੇ ਧੋਖੇ ‘ਚ ਰੱਖਣ ਦੇ ਇਲਜ਼ਾਮ ਲਾਏ ਹਨ। ਉਹਨਾਂ ਕਿਹਾ ਹੈ ਕਿ ਜੇਕਰ ਫ਼ਤਹਿ ਨੂੰ ਕੁੰਡੀ ਨਾਲ ਹੀ ਬੋਰਵੈੱਲ ਵਿੱਚੋਂ ਬਾਹਰ ਕੱਢਣਾ ਸੀ ਤਾਂ ਸਾਨੂੰ ਇੰਨੇ ਦਿਨ ਇੰਤਜ਼ਾਰ ਕਿਉਂ ਕਰਵਾਇਆ। ਫ਼ਤਹਿਵੀਰ ਦੇ ਮਾਪਿਆਂ ਅਤੇ ਮੌਕੇ ‘ਤੇ ਪਹੁੰਚੇ ਲੋਕਾਂ ਦੇ ਸਵਾਲਾਂ ਨੂੰ ਲੈ ਕੇ ਪੰਜਾਬ ਸਰਕਾਰ ਚੁੱਪ ਹੈ। ਉਹਨਾਂ ਦਾ ਕਹਿਣਾ ਹੈ ਕਿ ਪਿਛਲੇ 6 ਦਿਨਾਂ ਤੋਂ ਉਸ ਨੂੰ ਬਚਾਉਣ ਦੇ ਕਾਰਜ ਜਾਰੀ ਸਨ। ਬੱਚੇ ਪ੍ਰਤੀ ਗੰਭੀਰਤਾ ਨਾ ਦਿਖਾਉਣ ਕਰਕੇ ਲੋਕਾਂ ਨੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ।