ਕਰਜ਼ੇ ਨੇ ਲਈ ਇੱਕ ਹੋਰ ਕਿਸਾਨ ਦੀ ਜਾਨ

Tarlok Singh

ਪੰਜਾਬ ਵਿੱਚ ਹਰ ਰੋਜ਼ ਕੋਈ ਨਾ ਕੋਈ ਮਾਮਲਾ ਸਾਹਮਣੇ ਆਉਂਦਾ ਰਹਿੰਦਾ ਹੈ। ਅੱਜ ਵੀ ਪੰਜਾਬ ਵਿੱਚ ਕਰਜ਼ੇ ਨੂੰ ਲੈ ਕੇ ਪੰਜਾਬ ਦਾ ਕਿਸਾਨ ਆਤਮ-ਹੱਤਿਆ ਕਰ ਰਿਹਾ ਹੈ। ਇਸੇ ਤਰਾਂ ਦਾ ਮਾਮਲਾ ਗੁਰਦਾਸਪੁਰ ਦੇ ਪਿੰਡ ਕੋਹਲੀਆਂ ਤੋਂ ਸਾਹਮਣੇ ਆਇਆ ਹੈ। ਜਿੱਥੇ ਇਕ ਕਿਸਾਨ ਨੇ ਆਪਣੇ ਸਿਰ ਕਰਜ਼ਾ ਹੋਣ ਕਰਕੇ ਆਤਮ-ਹੱਤਿਆ ਕਰ ਲਈ।

ਮਿਰਤਕ ਦੀ ਪਛਾਣ ਤਰਲੋਕ ਸਿੰਘ ਵਜੋਂ ਹੋਈ ਹੈ। ਜਿਸ ਨੇ ਕਰਜ਼ੇ ਤੋਂ ਦੁਖੀ ਹੋ ਕੇ ਆਪਣੇ ਖੇਤ ਮੋਟਰ ਤੇ ਫਾਹਾ ਲੈ ਕੇ ਆਤਮ-ਹੱਤਿਆ ਕਰ ਲਈ। ਜਾਣਕਾਰੀ ਅਨੁਸਾਰ ਮਿਰਤਕ ਤਰਲੋਕ ਸਿੰਘ ਦੇ ਸਿਰ ਉੱਪਰ 7 ਲੱਖ ਰੁਪਏ ਦਾ ਕਰਜ਼ਾ ਸੀ। ਤਰਲੋਕ ਸਿੰਘ ਕੈਪਟਨ ਸਰਕਾਰ ਦੀ ਕਰਜ਼ਾ ਮੁਆਫ਼ੀ ਸਕੀਮ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦਾ ਸੀ, ਪਰ ਇਸ ਦਾ ਲਾਭ ਉਸ ਨੂੰ ਨਹੀਂ ਮਿਲਿਆ।

ਮ੍ਰਿਤਕ ਤਰਲੋਕ ਸਿੰਘ ਦੇ ਸਿਰ ‘ਤੇ ਬੈਂਕ ਅਤੇ ਆੜ੍ਹਤੀਆਂ ਦਾ ਸੱਤ ਲੱਖ ਰੁਪਏ ਦਾ ਕਰਜ਼ਾ ਸੀ। ਤਰਲੋਕ ਸਿੰਘ ਦੀ ਕੋਲ ਤਿੰਨ ਏਕੜ ਜ਼ਮੀਨ ਹੋਣ ਕਰਕੇ ਉਹ ਇਸ ਵੱਡੀ ਰਕਮ ਦਾ ਕਰਜ਼ਾ ਖ਼ਤਮ ਕਰਨ ਵਿੱਚ ਅਸਮਰੱਥ ਸੀ। ਮ੍ਰਿਤਕ ਦੇ ਭਰਾ ਰਘਬੀਰ ਸਿੰਘ ਨੇ ਦੱਸਿਆ ਕਿ ਇਸ ਵਾਰ ਫ਼ਸਲ ਨਾ ਹੋਣ ਕਰਕੇ ਤਰਲੋਕ ਸਿੰਘ ਕਰਜ਼ਾ ਵਾਪਸ ਨਹੀਂ ਕਰ ਸਕਿਆ, ਜਿਸ ਕਾਰਨ ਤਰਲੋਕ ਸਿੰਘ ਨੂੰ ਬੈਂਕ ਵਾਲੇ ਕਾਫੀ ਪ੍ਰੇਸ਼ਾਨ ਕਰ ਰਹੇ ਸਨ। ਉਸ ਦੇ ਭਰਾ ਦਾ ਕਹਿਣਾ ਹੈ ਕਿ ਇਸ ਕਰਕੇ ਤਰਲੋਕ ਸਿੰਘ ਨੇ ਇਸ ਪ੍ਰੇਸ਼ਾਨੀ ਤੋਂ ਦੁਖੀ ਹੋ ਕੇ ਅੱਜ ਆਤਮ ਹੱਤਿਆ ਕਰ ਲਈ।

ਤਰਲੋਕ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਰੋਸਾ ਜ਼ਾਹਰ ਕਰਦਿਆਂ ਕਿਹਾ ਕਿ ਕੈਪਟਨ ਕਹਿੰਦੇ ਸੀ ਕਿ ਸਾਰੇ ਕਿਸਾਨਾਂ ਦਾ ਕਰਜ਼ਾ ਮਾਫ਼ ਕੀਤਾ ਜਾਵੇਗਾ ਪਰ ਸਾਡਾ ਕਰਜ਼ਾ ਮਾਫ ਨਹੀਂ ਹੋਇਆ। ਪਰਿਵਾਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਉਨ੍ਹਾਂ ਦਾ ਕਰਜ਼ਾ ਮਾਫ਼ ਕੀਤਾ ਜਾਵੇ।