CRPF ਕਾਫ਼ਲੇ ਹਮਲੇ ‘ਚ 42 ਜਵਾਨ ਹੋਏ ਸ਼ਹੀਦ

Blast in Jammu and Kashmir

ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ‘ਚ ਵੀਰਵਾਰ ਨੂੰ ਹੋਏ ਆਤਮਘਾਤੀ ਦਹਿਸ਼ਤੀ ਹਮਲੇ ਵਿੱਚ ਜਾਨਾਂ ਗਵਾਉਣ ਵਾਲੇ ਕੇਂਦਰੀ ਰਿਜ਼ਰਵ ਪੁਲਿਸ ਬਲ ਦੇ ਜਵਾਨਾਂ ਦੀ ਗਿਣਤੀ 40 ਤੋਂ ਪਾਰ ਹੋ ਗਈ ਹੈ। ਹਾਲੇ ਵੀ ਕਈ ਜਵਾਨਾਂ ਦੀ ਸਥਿਤੀ ਗੰਭੀਰ ਬਣੀ ਹੋਈ ਹੈ। ਪਿਛਲੇ ਕਈ ਸਾਲਾਂ ਦੌਰਾਨ ਇਹ ਜੰਮੂ ਕਸ਼ਮੀਰ ਵਿੱਚ ਸਭ ਤੋਂ ਵੱਡਾ ਅੱਤਵਾਦੀ ਹਮਲਾ ਬਣ ਗਿਆ ਹੈ।

ਵੀਰਵਾਰ ਨੂੰ ਬਾਅਦ ਦੁਪਹਿਰ ਸਵਾ ਕੁ ਤਿੰਨ ਵਜੇ ਜੈਸ਼-ਏ-ਮੁਹੰਮਦ ਦੇ ਦਹਿਸ਼ਤਗਰਦਾਂ ਨੇ 200 ਕਿੱਲੋ ਵਿਸਫੋਟਕਾਂ ਨਾਲ ਭਰੀ ਕਾਰ ਨੂੰ ਸੁਰੱਖਿਆ ਜਵਾਨਾਂ ਨਾਲ ਭਰੀ ਬੱਸ ਨਾਲ ਟੱਕਰ ਮਾਰ ਦਿੱਤੀ। ਕੇਂਦਰੀ ਸੁਰੱਖਿਆ ਬਲਾਂ ਦੇ 2500 ਤੋਂ ਵੱਧ ਜਵਾਨਾਂ ਦੀਆਂ 78 ਗੱਡੀਆਂ ਦਾ ਕਾਫ਼ਲਾ ਸ੍ਰੀਨਗਰ-ਜੰਮੂ ਕੌਮੀ ਮਾਰਗ ’ਤੇ ਆ ਰਿਹਾ ਸੀ। ਕਾਫ਼ਲਾ ਜਦੋਂ ਹੀ ਅਵੰਤੀਪੁਰਾ ਦੇ ਲਾਟੂਮੋੜ ’ਚ ਦਾਖ਼ਲ ਹੋਇਆ ਤਾਂ ਪਹਿਲਾਂ ਤੋਂ ਘਾਤ ਲਾ ਕੇ ਬੈਠੇ ਅੱਤਵਾਦੀ ਨੇ ਇਸ ’ਤੇ ਹਮਲਾ ਕਰ ਦਿੱਤਾ।

ਪੁਲਿਸ ਨੇ ਗੱਡੀ ਚਲਾਉਣ ਵਾਲੇ ਫਿਦਾਈਨ ਹਮਲਾਵਰ ਦੀ ਪਛਾਣ ਆਦਿਲ ਅਹਿਮਦ ਵਾਸੀ ਕਾਕਾਪੁਰਾ ਵਜੋਂ ਦੱਸੀ ਹੈ ਜੋ ਪਿਛਲੇ ਸਾਲ ਹੀ ਜੈਸ਼-ਏ-ਮੁਹੰਮਦ ਵਿਚ ਭਰਤੀ ਹੋਇਆ ਸੀ। ਹਮਲੇ ਦਾ ਨਿਸ਼ਾਨਾ ਬਣੀ ਬੱਸ ਸੀਆਰਪੀਐਫ ਦੀ 76ਵੀਂ ਬਟਾਲੀਅਨ ਦੀ ਸੀ ਅਤੇ ਇਸ ਵਿਚ 39 ਸੁਰੱਖਿਆ ਕਰਮੀ ਸਵਾਰ ਸਨ।

ਸੀਆਰਪੀਐਫ ਦੇ ਡਾਇਰੈਕਟਰ ਜਨਰਲ ਆਰ ਆਰ ਭਟਨਾਗਰ ਨੇ ਪੀਟੀਆਈ ਨੂੰ ਦੱਸਿਆ ‘‘ ਇਹ ਬਹੁਤ ਵੱਡਾ ਕਾਫ਼ਲਾ ਸੀ ਅਤੇ ਵੱਖ ਵੱਖ ਵਾਹਨਾਂ ਵਿਚ 2500 ਦੇ ਕਰੀਬ ਸੁਰੱਖਿਆ ਕਰਮੀ ਸਫ਼ਰ ਕਰ ਰਹੇ ਸਨ। ਕਾਫ਼ਲੇ ’ਤੇ ਕੁਝ ਗੋਲੀਆਂ ਵੀ ਚਲਾਈਆਂ ਗਈਆਂ।’’ ਅਫ਼ਸਰਾਂ ਨੇ ਦੱਸਿਆ ਕਿ ਕਾਫ਼ਲਾ ਸਵੇਰੇ 3.30 ਵਜੇ ਜੰਮੂ ਤੋਂ ਰਵਾਨਾ ਹੋਇਆ ਸੀ ਅਤੇ ਸੂਰਜ ਛਿਪਣ ਤੋਂ ਪਹਿਲਾਂ ਇਸ ਨੇ ਸ੍ਰੀਨਗਰ ਪਹੁੰਚਣਾ ਸੀ।

ਉਨ੍ਹਾਂ ਦੱਸਿਆ ਕਿ ਦੋ-ਤਿੰਨ ਦਿਨ ਮੀਂਹ ਤੇ ਬਰਫ਼ਬਾਰੀ ਕਾਰਨ ਕੌਮੀ ਮਾਰਗ ’ਤੇ ਆਵਾਜਾਈ ਬੰਦ ਹੋਣ ਕਾਰਨ ਕਸ਼ਮੀਰ ਵਾਦੀ ਮੁੜਨ ਵਾਲੇ ਸੁਰੱਖਿਆ ਕਰਮੀਆਂ ਦੀ ਗਿਣਤੀ ਕਾਫ਼ੀ ਜ਼ਿਆਦਾ ਸੀ। ਆਮ ਤੌਰ ’ਤੇ ਕਿਸੇ ਕਾਫ਼ਲੇ ਵਿਚ ਸੁਰੱਖਿਆ ਕਰਮੀਆਂ ਦੀ ਗਿਣਤੀ ਹਜ਼ਾਰ ਦੇ ਕਰੀਬ ਹੁੰਦੀ ਹੈ ਪਰ ਇਸ ਕਾਫ਼ਲੇ ਵਿਚ ਕੁੱਲ 2547 ਜਵਾਨ ਸ਼ਾਮਲ ਸਨ। ਉਂਝ, ਕਾਫ਼ਲੇ ਦੇ ਨਾਲ ਰੋਡ ਓਪਨਿੰਗ ਪਾਰਟੀ ਅਤੇ ਬਖ਼ਤਰਬੰਦ ਦਹਿਸ਼ਤਗਰਦ ਵਿਰੋਧੀ ਵਾਹਨ ਵੀ ਲਾਏ ਗਏ ਸਨ। ਫੋਰੈਂਸਿਕ ਅਤੇ ਵਿਸਫ਼ੋਟਕ ਸਮੀਖਿਅਕ ਦਸਤੇ ਵਾਰਦਾਤ ਵਾਲੀ ਜਗ੍ਹਾ ਪਹੁੰਚ ਗਏ ਸਨ।
crpf soldiers list died in pulwama attack

Source:AbpSanjha