ਭਾਖੜਾ ਡੈਮ ਵਿੱਚ ਪਾਣੀ ਦੇ ਪੱਧਰ ਨੂੰ ਵੱਧਦਾ ਦੇਖ ਕੇ ਡੈਮ ਦੇ ਗੇਟ ਖੋਲ੍ਹੇ

bhakra dam open flood gates

ਮੌਸਮ ਵਿਭਾਗ ਨੇ ਪੰਜਾਬ ਵਿੱਚ ਅਤੇ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਬਾਰਿਸ਼ ਨੂੰ ਲੈ ਕੇ ਹਾਈ ਅਲਰਟ ਜਾਰੀ ਕਰ ਦਿੱਤਾ ਹੈ। ਜਿਸ ਕਰਕੇ ਭਾਖੜਾ ਡੈਮ ਦੇ ਚੀਫ ਇੰਜੀਨੀਅਰ ਅਸ਼ਵਨੀ ਕੁਮਾਰ ਅਗਰਵਾਲ ਨੇ ਮੌਸਮ ਵਿਭਾਗ ਦੀ ਚੇਤਾਵਨੀ ਨਣੁ ਦੇਖਦੇ ਹੋਏ ਭਾਖੜਾ ਡੈਮ ਦੇ ਫਲੱਡ ਗੇਟ ਖੋਲ ਦਿੱਤੇ ਹਨ। ਉਹਨਾਂ ਦਾ ਕਹਿਣਾ ਹੈ ਕਿ ਭਾਖੜਾ ਡੈਮ ਦੇ ਪਾਣੀ ਦਾ ਲੈਵਲ 1680 ਫੁੱਟ ਰੱਖਿਆ ਹੋਇਆ ਹੈ। ਪਾਣੀ ਦਾ ਲੈਵਲ 1674 ਤਕ ਪੁੱਜਣ ਤੇ ਬੀ.ਬੀ.ਐੱਮ ਬੀ. ਨੂੰ ਹਾਈ ਫਲੱਡ ਗੇਟ ਖੋਲ੍ਹਣੇ ਪਏ।

ਜਾਣਕਾਰੀ ਅਨੁਸਾਰ ਇਹਨਾਂ ਫਲੱਡ ਗੇਟਾਂ ਰਾਹੀਂ 36000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਮੌਸਮ ਵਿਭਾਗ ਦੀ ਜਾਣਕਾਰੀ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਭਾਰੀ ਬਾਰਿਸ਼ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਇਸ ਕਰਕੇ ਹੜ੍ਹ ਤੋਂ ਬਚਾਅ ਲਈ ਫਲੱਡ ਗੇਟ ਖੋਲ੍ਹਣ ਦਾ ਫੈਸਲਾ ਲਿਆ ਗਿਆ।ਭਾਖੜਾ ਡੈਮ ਦੇ ਚੀਫ ਇੰਜੀਨੀਅਰ ਅਸ਼ਵਨੀ ਕੁਮਾਰ ਅਗਰਵਾਲ ਦਾ ਕਹਿਣਾ ਹੈ ਕਿ 19000 ਕਿਊਸਿਕ ਪਾਣੀ ਫਲੱਡ ਗੇਟਾਂ ਰਾਹੀਂ ਛੱਡਣ ਦਾ ਫੈਸਲਾ ਲਿਆ ਗਿਆ। ਉਨ੍ਹਾਂ ਕਿਹਾ ਕਿ ਬਿਜਲੀ ਪੈਦਾ ਕਰਨ ਵਾਲੀਆਂ ਟਰਬਾਈਨਾਂ ਵਿਚੋਂ ਛੱਡੇ ਜਾਣ ਵਾਲੇ ਪਾਣੀ ਸਮੇਤ ਇਹ ਪਾਣੀ 55000 ਕਿਊਸਿਕ ਹੋਵੇਗਾ।

ਭਾਖੜਾ ਡੈਮ ਦੇ ਚੀਫ ਇੰਜੀਨੀਅਰ ਨੇ ਕਿਹਾ ਕਿ ਇਸ ਸਾਰੀ ਕਾਰਵਾਈ ‘ਤੇ ਨਿਗ੍ਹਾ ਰੱਖੀ ਜਾ ਰਹੀ ਹੈ ਅਤੇ ਇਸ ਦੇ ਨਾਲ ਕਿਸੇ ਤਰ੍ਹਾਂ ਵੀ ਹੜ੍ਹਾਂ ਦਾ ਕੋਈ ਖਤਰਾ ਨਹੀਂ ਹੋਵੇਗਾ। ਪਾਣੀ ਛੱਡੇ ਜਾਣ ਬਾਰੇ ਡੀ.ਸੀ. ਰੂਪਨਗਰ ਤੇ ਐੱਸ.ਡੀ.ਐੱਮ. ਨੂੰ ਵੀ ਜਾਣੂ ਕਰਵਾ ਦਿੱਤਾ ਗਿਆ ਹੈ। ਇਸ ਮੌਕੇ ਉਨ੍ਹਾਂ ਨਾਲ ਡਿਪਟੀ ਚੀਫ ਇੰਜੀ. ਹੁਸਨ ਲਾਲ ਕੰਬੋਜ, ਕੇ. ਕੇ. ਸੂਦ, ਐੱਸ. ਕੇ. ਬੇਦੀ, ਸਤੀਸ਼ ਸਿੰਗਲਾ ਅਤੇ ਸਤਨਾਮ ਸਿੰਘ ਏ. ਪੀ. ਆਰ. ਓ. ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।