ਜ਼ਿੰਦਗੀ ਦੇ ਹਰ ਇੱਕ ਪਲ ਨੂੰ ਦਰਸਾਉਂਦੀ ਹੈ ਫਿਲਮ ਅਰਦਾਸ ਕਰਾਂ

Ardass Karaan

ਕਾਫੀ ਲੰਮੇ ਸਮੇਂ ਤੋਂ ਦਰਸ਼ਕਾਂ ਵਲੋਂ ਉਡੀਕੀ ਜਾ ਰਹੀ ਫਿਲਮ ‘ਅਰਦਾਸ ਕਰਾਂ’ ਰਿਲੀਜ਼ ਹੋ ਚੁੱਕੀ ਹੈ। ‘ਅਰਦਾਸ ਕਰਾਂ’ ਫਿਲਮ ਨੂੰ ‘ਹੰਬਲ ਮੋਸ਼ਨ ਪਿਕਚਰਸ’ ਦੇ ਬੈਨਰ ਹੇਠਾਂ ਬਣਾਇਆ ਗਿਆ ਹੈ। ਇਸ ਫ਼ਿਲਮ ਨੂੰ ਗਿੱਪੀ ਗਰੇਵਾਲ ਨੇ ਡਾਇਰੈਕਟ ਅਤੇ ਪ੍ਰੋਡਿਊਸ ਕੀਤਾ ਹੈ ਅਤੇ ਇਸ ਫ਼ਿਲਮ ਦੀ ਕਹਾਣੀ ਨੂੰ ਗਿੱਪੀ ਗਰੇਵਾਲ ਅਤੇ ਰਾਣਾ ਰਣਬੀਰ ਵੱਲੋਂ ਸਾਂਝੇ ਤੌਰ ਤੇ ਲਿਖਿਆ ਗਿਆ ਹੈ।

ਇਸ ਫ਼ਿਲਮ ਦੇ ਡਾਇਲਾਗਸ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਐਕਟਰ ਰਾਣਾ ਰਣਬੀਰ ਦੇ ਦੁਆਰਾ ਲਿਖੇ ਗਏ ਹਨ। ਇਸ ਫ਼ਿਲਮ ਵਿੱਚ ਜਿੰਦਗੀ ਦੇ ਹਰ ਇੱਕ ਪਲ ਨੂੰ ਬਹੁਤ ਹੀ ਖ਼ੂਬਸੂਰਤ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਇਹ ਫ਼ਿਲਮ ਜ਼ਿੰਦਗੀ ਵਿੱਚ ਟੁੱਟਦੇ ਹੋਏ ਰਿਸ਼ਤਿਆਂ ਨੂੰ ਬਿਆਨ ਕਰਦੀ ਹੈ। ਫ਼ਿਲਮ ਦੀ ਸ਼ੂਟਿੰਗ ਵੀ ਪੰਜਾਬ ਤੋਂ ਬਾਹਰ ਹੋਈ ਹੈ ਅਤੇ ਕਾਫੀ ਮਹਿੰਗੀ ਜਗ੍ਹਾ ਤੇ ਸ਼ੂਟ ਕੀਤੀ ਗਈ ਹੈ।

ਦੱਸ ਦੇਈਏ 2016 ਵਿਚ ਆਈ ‘ਅਰਦਾਸ’ ਫ਼ਿਲਮ ਇਸ ਦਾ ਪਹਿਲਾ ਭਾਗ ਸੀ ਜਿਸ ਨੂੰ ਪੰਜਾਬ ਵਿੱਚ ਹੀ ਸ਼ੂਟ ਕੀਤਾ ਗਿਆ ਸੀ। ਅਰਦਾਸ ਕਰਾਂ ਫ਼ਿਲਮ ਵਿੱਚ ਹਰ ਇੱਕ ਕਲਾਕਾਰ ਆਪਣਾ ਕਿਰਦਾਰ ਬਹੁਤ ਹੀ ਖੂਬ ਨਿਭਾਉਂਦਾ ਨਜ਼ਰ ਆ ਰਿਹਾ ਹੈ। ਇਸ ਫ਼ਿਲਮ ਵਿੱਚ ਗਿਪੀ ਗਰੇਵਾਲ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਜਪਜੀ ਖਹਿਰਾ, ਸਰਦਾਰ ਸੋਹੀ, ਮਲਕੀਤ ਰੌਣੀ, ਯੋਗਰਾਜ ਸਿੰਘ, ਸਪਨਾ ਭੱਬੀ, ਕੁਲਜਿੰਦਰ ਸਿੰਘ ਆਦਿ ਵਰਗੇ ਕਲਾਕਾਰਾਂ ਨੇ ਵੱਖ – ਵੱਖ ਕਿਰਦਾਰ ਨਿਭਾਏ ਹਨ।

ਇਸ ਫਿਲਮ ਦੁਆਰਾ ਗਿਪੀ ਗਰੇਵਾਲ ਦੇ ਬੇਟੇ ਗੁਰਫ਼ਤਹਿ ਗਰੇਵਾਲ ਨੇ ਫਿਲਮ ਇੰਡਸਟਰੀ ਵਿੱਚ ਆਪਣਾ ਪਹਿਲਾ ਕਦਮ ਰੱਖਿਆ ਹੈ ਅਤੇ ਉੱਧਰ ਰਾਣਾ ਰਣਬੀਰ ਦੀ ਬੇਟੀ ਸੀਰਤ ਰਾਣਾ ਨੇ ਵੀ ਆਪਣੀ ਫ਼ਿਲਮੀ ਦੁਨੀਆਂ ਦੀ ਸ਼ੁਰੂਆਤ ਕੀਤੀ ਹੈ। ਇਸ ਫਿਲਮ ਨੂੰ ਸਾਰੇ ਦਰਸ਼ਕਾਂ ਵਲੋਂ ਪਸੰਦ ਕੀਤਾ ਜਾ ਰਿਹਾ ਅਤੇ ਇਸ ਫਿਲਮ ਨੂੰ 5 ਸਟਾਰ ਮਿਲ ਰਹੇ ਹਨ।